ਮਿਸੀਸਾਗਾ ‘ਚ ਟਰੱਕ ਹਾਦਸੇ ‘ਚ ਇਕ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ ਹੈ ਜਿਸ ਦੀ ਪਛਾਣ ਮਨਪ੍ਰੀਤ ਸਿੰਘ ਵਜੋਂ ਹੋਈ ਹੈ ਜੋ ਹਾਲੇ ਇਕ ਮਹੀਨੇ ਪਹਿਲਾਂ ਹੀ ਕੈਨੇਡਾ ਸਪਾਊਸ ਵੀਜ਼ੇ ‘ਤੇ ਆਇਆ ਸੀ। 30 ਸਾਲਾ ਮਨਪ੍ਰੀਤ ਸਿੰਘ ਦੇ ਦੋਸਤ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਨਾਲ ਸਬੰਧਤ ਸੀ ਤੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਵੇਰਵਿਆਂ ਮੁਤਾਬਕ ਟਰਾਂਸਪੋਰਟ ਟਰੱਕ ਨਾਲ ਹੋਈ ਟੱਕਰ ‘ਚ ਉਸ ਦੀ ਮੌਕੇ ਉਤੇ ਹੀ ਮੌਤ ਹੋ ਗਈ। ਪੀਲ ਰੀਜ਼ਨਲ ਪੁਲੀਸ ਨੇ ਦੱਸਿਆ ਕਿ ਇਹ ਘਟਨਾ 13 ਦਸੰਬਰ ਨੂੰ ਕਰਟਨੀਪਾਰਕ ਡਰਾਈਵ ਤੇ ਐਡਵਰਡਜ਼ ਬੁਲੇਵਰਡ ‘ਚ ਸਵੇਰੇ ਸੱਤ ਵਜੇ ਤੋਂ ਪਹਿਲਾਂ ਵਾਪਰੀ ਸੀ। ਮਨਪ੍ਰੀਤ ਮਿਸੀਸਾਗਾ ‘ਚ ਹੀ ਇਕ ਫੈਕਟਰੀ ‘ਚ ਕੰਮ ਕਰਦਾ ਸੀ ਤੇ ਕੰਮ ‘ਤੇ ਜਾਣ ਲਈ ਹੀ ਘਰੋਂ ਨਿਕਲਿਆ ਸੀ। ਬਲਵਿੰਦਰ ਨੇ ਦੱਸਿਆ ਕਿ ਕਰੀਬ 6.50 ‘ਤੇ ਉਹ ਬੱਸ ‘ਚੋਂ ਉਤਰਿਆ ਤੇ ਜਦ ਟਰੱਕ ਨੇ ਟੱਕਰ ਮਾਰੀ ਤਾਂ ਉਹ ਤੁਰ ਕੇ ਜਾ ਰਿਹਾ ਸੀ। ਮਨਪ੍ਰੀਤ ਦੀ ਦੇਹ ਨੂੰ ਭਾਰਤ ਲਿਆਉਣ ਖਾਤਰ ਵਿੱਤੀ ਮਦਦ ਲਈ ‘ਗੋਫੰਡਮੀ’ ਉਤੇ ਪੇਜ ਬਣਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ 20 ਸਾਲਾ ਕਾਰਤਿਕ ਸੈਣੀ ਦੀ ਪਿਕਅੱਪ ਟਰੱਕ ਨਾਲ ਹੋਈ ਟੱਕਰ ‘ਚ ਮੌਤ ਹੋ ਗਈ ਸੀ। ਉਹ ਟੋਰਾਂਟੋ ‘ਚ ਸਾਈਕਲ ‘ਤੇ ਸੜਕ ਪਾਰ ਕਰ ਰਿਹਾ ਸੀ।