ਪੰਜਾਬੀਆਂ ਦੀ ਸੰਘਣੀ ਆਬਾਦੀ ਵਾਲੇ ਸ਼ਹਿਰ ਬਰੈਂਪਟਨ ਵਿਖੇ ਰਹਿੰਦੀ ਅਤੇ ਮਿਸੀਸਾਗਾ ਦੇ ਗੈਸ ਸਟੇਸ਼ਨ ‘ਤੇ ਕੰਮ ਕਰਦੀ ਪੰਜਾਬੀ ਮੂਲ ਦੀ 21 ਸਾਲਾ ਪਵਨਪ੍ਰੀਤ ਕੌਰ ਨੂੰ ਕੰਮ ਦੌਰਾਨ ਗੋਲੀ ਮਾਰਨ ਵਾਲੇ ਦੀ ਤਸਵੀਰ ਜਾਰੀ ਕਰ ਦਿੱਤੀ ਗਈ ਹੈ। ਦੂਜੇ ਪਾਸੇ ਪਵਨਪ੍ਰੀਤ ਦੇ ਪੰਜਾਬ ਵਿਚਲੇ ਪਰਿਵਾਰ ‘ਚ ਸੋਗ ਦਾ ਮਾਹੌਲ ਹੈ। ਮਾਮਲੇ ਦੀ ਜਾਂਚ ‘ਚ ਜੁਟੀ ਕੈਨੇਡਾ ਪੁਲੀਸ ਨੇ ਸ਼ੱਕੀ ਦੀ ਇਕ ਤਸਵੀਰ ਅਤੇ ਵਰਣਨ ਜਾਰੀ ਕੀਤਾ ਹੈ। ਪੀਲ ਰੀਜਨਲ ਪੁਲੀਸ ਨੇ ਕਿਹਾ ਕਿ ਉਨ੍ਹਾਂ ਨੂੰ ਸ਼ਨੀਵਾਰ ਰਾਤ ਕਰੀਬ 10:40 ਵਜੇ ਕ੍ਰੈਡਿਟਵਿਊ ਰੋਡ ਅਤੇ ਬ੍ਰਿਟੈਨਿਆ ਰੋਡ ਵੈਸਟ ਖੇਤਰ ‘ਚ ਗੋਲੀਬਾਰੀ ਮਗਰੋਂ ਰਿਪਰੋਟ ਲਈ ਬੁਲਾਇਆ ਗਿਆ ਸੀ। ਪੁਲੀਸ ਨੇ ਦੱਸਿਆ ਕਿ ਇਕ ਕੁੜੀ ਨੂੰ ‘ਕਈ ਵਾਰ’ ਗੋਲੀ ਮਾਰੀ ਗਈ ਸੀ ਅਤੇ ਉਸ ਨੂੰ ਮੌਕੇ ‘ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ ਸੀ। ਇਕ ਅਪਡੇਟ ‘ਚ ਪੁਲੀਸ ਨੇ ਕਿਹਾ ਕਿ ਸ਼ੱਕੀ ਨੇ ਇਕ ਹੁੱਡ ਅਤੇ ਸਰਦੀਆਂ ‘ਚ ਪਹਿਨੇ ਜਾਣ ਵਾਲੇ ਗੂੜ੍ਹੇ ਰੰਗ ਦੇ ਬੂਟਾਂ ਦੇ ਨਾਲ ਤਿੰਨ-ਚੌਥਾਈ-ਲੰਬਾਈ ਦੀ ਜੈਕੇਟ ਪਹਿਨੀ ਹੋਈ ਸੀ। ਉਸ ਨੇ ਗੂੜ੍ਹੇ ਰੰਗ ਦੀ ਪੈਂਟ, ਇਕ ਗੂੜ੍ਹੀ ਟੋਪੀ ਅਤੇ ਚਿੱਟੇ ਦਸਤਾਨੇ ਵੀ ਪਹਿਨੇ ਹੋਏ ਸਨ। ਪੁਲੀਸ ਨੇ ਕਿਹਾ ਕਿ ਸ਼ੱਕੀ ਸਿਗਰਟ ਪੀ ਰਿਹਾ ਸੀ ਅਤੇ ‘ਪੀੜਤਾ ਨੂੰ ਨੇੜਿਓਂ’ ਗੋਲੀ ਮਾਰਨ ਤੋਂ ਥੋੜ੍ਹੀ ਦੇਰ ਪਹਿਲਾਂ ਉਸ ਨੇ ਆਪਣੇ ਚਿਹਰੇ ‘ਤੇ ਹੁੱਡ ਨਹੀਂ ਪਾਈ ਸੀ। ਵੀਡੀਓ ਫੁਟੇਜ ਦੀ ਸਮੀਖਿਆ ਕਰਨ ਤੋਂ ਬਾਅਦ ਪੁਲੀਸ ਦਾ ਮੰਨਣਾ ਹੈ ਕਿ ਸ਼ੱਕੀ ਗੋਲੀਬਾਰੀ ਤੋਂ ਤਿੰਨ ਘੰਟੇ ਪਹਿਲਾਂ ਗੈਸ ਸਟੇਸ਼ਨ ਦੇ ਆਲੇ ਦੁਆਲੇ ਦੇ ਖੇਤਰ ‘ਚ ਪੈਦਲ ਤੁਰਦਾ ਪਾਇਆ ਗਿਆ। ਪੁਲੀਸ ਨੇ ਕਿਹਾ ਕਿ ਉਸ ਸਮਾਂ-ਸੀਮਾ ਦੌਰਾਨ ਸ਼ੱਕੀ ਨੂੰ ਚੌਰਾਹੇ ਦੇ ਪੂਰਬ ਵੱਲ ਬ੍ਰਿਟਾਨੀਆ ਰੋਡ ਨੂੰ ਪਾਰ ਕਰਦੇ ਹੋਏ ਅਤੇ ਚੌਕ ਦੇ ਉੱਤਰ ਵੱਲ ਕ੍ਰੈਡਿਟਵਿਊ ਰੋਡ ਨੂੰ ਪਾਰ ਕਰਦੇ ਦੇਖਿਆ ਗਿਆ।