ਮਿਸਰ ਦੇ ਦੱਖਣੀ ਸੂਬੇ ਨੇਡ਼ੇ ਮੰਗਲਵਾਰ ਨੂੰ ਵਾਪਰੇ ਇਕ ਭਿਆਨਕ ਸਡ਼ਕ ਹਾਦਸੇ ’ਚ ਘੱਟੋ-ਘੱਟ 22 ਲੋਕਾਂ ਦੀ ਮੌਤ ਹੋ ਗਈ ਜਦੋਂਕਿ 33 ਹੋਰ ਜ਼ਖ਼ਮੀ ਹੋ ਗਏ। ਮਿਨੀਆ ਪ੍ਰਸ਼ਾਸਨ ਵੱਲੋਂ ਜਾਰੀ ਇਕ ਬਿਆਨ ਮੁਤਾਬਕ ਹਾਦਸਾ ਮੰਗਲਵਾਰ ਤਡ਼ਕੇ ਉਦੋਂ ਵਾਪਰਿਆ ਜਦੋਂ ਇਕ ਯਾਤਰੀ ਬੱਸ ਰਾਜਧਾਨੀ ਕਾਹਿਰਾ ਨੂੰ ਦੇਸ਼ ਦੇ ਦੱਖਣੀ ਹਿੱਸੇ ਨਾਲ ਜੋਡ਼ਨ ਵਾਲੇ ਹਾਈਵੇਅ ’ਤੇ ਖਡ਼੍ਹੇ ਟਰੱਕ ਨਾਲ ਜਾ ਟਰਕਾਈ। ਬਿਆਨ ਮੁਤਾਬਕ ਟਰੱਕ ਡਰਾਈਵਰ ਕਾਹਿਰਾ ਤੋਂ 220 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਮਲਾਵੀ ਸ਼ਹਿਰ ’ਚ ਸਡ਼ਕ ਕਿਨਾਰੇ ਆਪਣੇ ਵਾਹਨ ਦੇ ਟਾਇਰ ਬਦਲ ਰਿਹਾ ਸੀ, ਉਦੋਂ ਯਾਤਰੀ ਬੱਸ ਉਸ ਨਾਲ ਟਕਰਾ ਗਈ। ਅਧਿਕਾਰੀਆਂ ਨੇ ਦੱਸਿਆ ਕਿ ਹਾਦਸੇ ਦੇ ਬਾਅਦ ਜ਼ਖ਼ਮੀਆਂ ਨੂੰ ਹਸਪਤਾਲ ਲਿਜਾਣ ਲਈ ਕਈ ਐਂਬੂਲੈਂਸਾਂ ਨੂੰ ਘਟਨਾ ਸਥਾਨ ’ਤੇ ਰਵਾਨਾ ਕੀਤਾ ਗਿਆ। ਘਟਨਾ ਦੇ ਹੋਰ ਵੇਰਵੇ ਉਡੀਕੇ ਜਾ ਰਹੇ ਹਨ ਤੇ ਜਾਂਚ ਕੀਤੀ ਜਾ ਰਹੀ ਹੈ।