ਇੰਡੀਆ ਨੂੰ ਕਾਮਨਵੈਲਥ ਖੇਡਾਂ ਸ਼ੁਰੂ ਹੋਣ ਤੋਂ ਪਹਿਲਾਂ ਉਦੋਂ ਝਟਕਾ ਲੱਗਾ ਜਦੋਂ ਜੈਵਲਿਨ ਥਰੋਅਰ ਨੀਰਜ ਚੋਪਡ਼ਾ ਮਾਸਪੇਸ਼ੀਆਂ ’ਚ ਖਿਚਾਅ ਆਉਣ ਕਾਰਨ ਇਨ੍ਹਾਂ ਖੇਡਾਂ ’ਚੋਂ ਬਾਹਰ ਹੋ ਗਿਆ। ਤਗ਼ਮਾ ਜਿੱਤਣ ਦੇ ਮਜ਼ਬੂਤ ਦਾਅਵੇਦਾਰ ਦੇ ਟੂਰਨਾਮੈਂਟ ’ਚੋਂ ਬਾਹਰ ਇੰਡੀਆ ਵੱਲੋਂ ਲਾਈਆਂ ਉਮੀਦਾਂ ’ਤੇ ਲਾਜ਼ਮੀ ਪਾਣੀ ਫਿਰਿਆ ਹੈ। ਦੱਸਣਾ ਬਣਦਾ ਹੈ ਕਿ 24 ਸਾਲਾ ਨੀਰਜ ਨੇ ਹਾਲ ਹੀ ’ਚ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ’ਚ ਚਾਂਦੀ ਦਾ ਤਗ਼ਮਾ ਹਾਸਲ ਕੀਤਾ ਸੀ। ਕਾਮਨਵੈਲਥ ਖੇਡਾਂ ਵੀਰਵਾਰ ਤੋਂ ਸ਼ੁਰੂ ਹੋ ਰਹੀਆਂ ਹਨ ਤੇ ਹੁਣ ਇਹ ਸਪੱਸ਼ਟ ਹੋ ਗਿਆ ਹੈ ਕਿ ਨੀਰਜ ਚੋਪਡ਼ਾ ਲੰਮੇ ਸਮੇਂ ਤੋਂ ਉਡੀਕਿਆ ਜਾ ਰਿਹਾ ਵਿਸ਼ਵ ਪੱਧਰੀ ਮੁਕਾਬਲਾ ਖੇਡ ਨਹੀਂ ਸਕੇਗਾ। ਇੰਡੀਅਨ ਓਲੰਪਿਕ ਐਸੋਸੀਏਸ਼ਨ ਦੇ ਸਕੱਤਰ ਜਨਰਲ ਰਾਜੀਵ ਮਹਿਤਾ ਨੇ ਦੱਸਿਆ ਕਿ ਨੀਰਜ ਦਾ ਅਮਰੀਕਾ ’ਚ ਸੋਮਵਾਰ ਨੂੰ ਐਮ.ਆਰ.ਆਈ. ਸਕੈਨ ਕੀਤਾ ਗਿਆ ਸੀ ਤੇ ਉਸ ਨੂੰ ਇਕ ਮਹੀਨੇ ਦਾ ਆਰਾਮ ਕਰਨ ਦੀ ਸਲਾਹ ਦਿੱਤੀ ਗਈ ਹੈ। ਖਿਡਾਰੀ ਦੇ ਨਜ਼ਦੀਕੀ ਸੂਤਰਾਂ ਨੇ ਦੱਸਿਆ ਕਿ ਨੀਰਜ ਨੂੰ ਇਹਿਤਿਆਤੀ ਤੌਰ ’ਤੇ ਉਸ ਨੂੰ ਇਕ ਮਹੀਨਾ ਆਰਾਮ ਕਰਨ ਦੀ ਸਲਾਹ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਨੀਰਜ ਦੂਜਾ ਭਾਰਤੀ ਅਥਲੀਟ ਹੈ ਜਿਸ ਨੇ ਵਿਸ਼ਵ ਚੈਂਪੀਅਨਸ਼ਿਪ ਯੂਜੀਨ ’ਚ ਤਗ਼ਮਾ ਜਿੱਤਿਆ ਸੀ।