ਆਸਟਰੇਲੀਆ ਨੇ ਮਿਸ਼ੇਲ ਡਿਊਕ ਦੇ ਗੋਲ ਦੀ ਮਦਦ ਨਾਲ ਟਿਊਨੀਸ਼ੀਆ ਨੂੰ 1-0 ਨਾਲ ਹਰਾ ਕੇ ਵਰਲਡ ਕੱਪ ਦੀਆਂ ਆਪਣੀਆਂ ਉਮੀਦਾਂ ਨੂੰ ਬਰਕਰਾਰ ਰੱਖਿਆ ਹੈ। ਆਸਟਰੇਲੀਆ ਨੂੰ ਨਾਕਆਊਟ ‘ਚ ਜਗ੍ਹਾ ਬਣਾਉਣ ਦੀਆਂ ਉਮੀਦਾਂ ਨੂੰ ਬਰਕਰਾਰ ਰੱਖਣ ਲਈ ਮੈਚ ‘ਚ ਸਿਰਫ਼ ਡਰਾਅ ਦੀ ਲੋੜ ਸੀ ਪਰ ਟੀਮ ਨੇ ਡਿਊਕ ਦੇ 23ਵੇਂ ਮਿੰਟ ਦੇ ਗੋਲ ਨਾਲ ਪੂਰੇ ਤਿੰਨ ਅੰਕ ਹਾਸਲ ਕਰ ਲਏ। 2010 ‘ਚ ਸਰਬੀਆ ਖ਼ਿਲਾਫ਼ ਜਿੱਤ ਤੋਂ ਬਾਅਦ 12 ਸਾਲਾਂ ‘ਚ ਵਰਲਡ ਕੱਪ ‘ਚ ਆਸਟਰੇਲੀਆ ਦੀ ਇਹ ਪਹਿਲੀ ਜਿੱਤ ਹੈ। ਇਸ ਨਤੀਜੇ ਦਾ ਮਤਲਬ ਹੈ ਕਿ ਆਸਟਰੇਲੀਆ ਅਜੇ ਵੀ ਆਖਰੀ 16 ‘ਚ ਥਾਂ ਬਣਾ ਸਕਦਾ ਹੈ। ਉਹ ਆਪਣੇ ਪਹਿਲੇ ਮੈਚ ‘ਚ ਮੌਜੂਦਾ ਚੈਂਪੀਅਨ ਫਰਾਂਸ ਤੋਂ 4-1 ਨਾਲ ਹਾਰ ਗਈ ਸੀ। ਗਰੁੱਪ ਡੀ ‘ਚ ਫਰਾਂਸ ਅਤੇ ਆਸਟਰੇਲੀਆ ਦੋਵਾਂ ਦੇ ਹੁਣ ਤਿੰਨ-ਤਿੰਨ ਅੰਕ ਹਨ। ਡੈਨਮਾਰਕ ਅਤੇ ਟਿਊਨੀਸ਼ੀਆ ਦਾ ਇਕ-ਇਕ ਅੰਕ ਹੈ। ਫਰਾਂਸ ਨੇ ਅਜੇ ਡੈਨਮਾਰਕ ਦਾ ਸਾਹਮਣਾ ਕਰਨਾ ਹੈ। ਇਸ ਗਰੁੱਪ ਦੇ ਆਖ਼ਰੀ ਪੜਾਅ ਦੇ ਮੈਚ ਬੁੱਧਵਾਰ ਨੂੰ ਖੇਡੇ ਜਾਣਗੇ ਜਿਸ ‘ਚ ਟਿਊਨੀਸ਼ੀਆ ਦਾ ਸਾਹਮਣਾ ਫਰਾਂਸ ਨਾਲ ਹੋਵੇਗਾ ਅਤੇ ਆਸਟਰੇਲੀਆ ਦਾ ਸਾਹਮਣਾ ਡੈਨਮਾਰਕ ਨਾਲ ਹੋਵੇਗਾ। ਇਸ ਮੈਚ ‘ਚ ਦੋਵੇਂ ਟੀਮਾਂ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਡਿਊਕ ਨੇ ਆਪਣੀ ਚੁਸਤੀ ਦਿਖਾਈ ਅਤੇ ਗੋਲ ਕੀਤਾ। ਉਸ ਨੇ ਪਹਿਲਾਂ ਮੈਦਾਨ ਦੇ ਵਿਚਕਾਰ ਗੇਂਦ ਨੂੰ ਹੈਂਡਲ ਕੀਤਾ ਅਤੇ ਫਿਰ ਇਸਨੂੰ ਕ੍ਰੇਗ ਗੁਡਵਿਨ ਨੂੰ ਦੇ ਦਿੱਤਾ। ਇਸ ਤੋਂ ਬਾਅਦ ਡਿਊਕ ਨੇ ਫਿਰ ਤੇਜ਼ ਦੌੜ ਲਗਾਈ ਅਤੇ ਗੁਡਵਿਨ ਦੇ ਕਰਾਸ ‘ਤੇ ਸ਼ਾਨਦਾਰ ਗੋਲ ਕੀਤਾ। ਸਕੋਰ ਕਰਨ ਤੋਂ ਬਾਅਦ ਡਿਊਕ ਨੇ ਆਪਣੇ ਬੇਟੇ ਜੈਕਸਨ ਲਈ ਹਵਾ ਵਿੱਚ ‘ਜੇ’ ਬਣਾਇਆ। ਜੈਕਸਨ ਸਟੇਡੀਅਮ ‘ਚ ਮੌਜੂਦ ਸੀ। ਲਾਲ ਕੱਪੜੇ ਪਹਿਨ ਕੇ ਸਟੇਡੀਅਮ ‘ਚ ਪਹੁੰਚੇ ਟਿਊਨੀਸ਼ੀਅਨ ਪ੍ਰਸ਼ੰਸਕ ਇਸ ਗੋਲ ਨੂੰ ਦੇਖ ਕੇ ਦੰਗ ਰਹਿ ਗਏ, ਜਦਕਿ ਪੀਲੇ ਕੱਪੜੇ ਪਹਿਨੇ ਆਸਟਰੇਲੀਅਨ ਪ੍ਰਸ਼ੰਸਕ ਖੁਸ਼ੀ ਨਾਲ ਝੂਮ ਉਠੇ। ਟਿਊਨੀਸ਼ੀਆ ਨੇ ਯੂਰਪੀਅਨ ਚੈਂਪੀਅਨਸ਼ਿਪ ਦੇ ਫਾਈਨਲਿਸਟ ਡੈਨਮਾਰਕ ਨੂੰ ਆਪਣੇ ਆਖਰੀ ਮੈਚ ‘ਚ ਗੋਲ ਰਹਿਤ ਡਰਾਅ ‘ਤੇ ਰੋਕ ਕੇ ਪ੍ਰਭਾਵਿਤ ਕੀਤਾ ਪਰ ਆਸਟਰੇਲੀਆ ਨੂੰ ਉਹ ਕੁਝ ਹੀ ਮੌਕਿਆਂ ‘ਤੇ ਚੁਣੌਤੀ ਦੇ ਸਕਿਆ। ਆਸਟਰੇਲੀਆ ਨੇ ਵੀ ਇਕ ਗੋਲ ਦੀ ਬੜ੍ਹਤ ਤੋਂ ਬਾਅਦ ਗੋਲ ਬਚਾਉਣ ‘ਚ ਆਪਣੀ ਤਾਕਤ ਲਗਾ ਦਿੱਤੀ। ਟਿਊਨੀਸ਼ੀਆ ਆਪਣੇ ਛੇਵੇਂ ਵਰਲਡ ਕੱਪ ‘ਚ ਖੇਡ ਰਿਹਾ ਹੈ ਪਰ ਉਹ ਕਦੇ ਵੀ ਪਹਿਲੇ ਦੌਰ ਤੋਂ ਅੱਗੇ ਨਹੀਂ ਵਧਿਆ ਹੈ।