ਮੂਲ ਰੂਪ ‘ਚ ਜਲੰਧਰ ਤੇ ਪਿੰਡ ਸ਼ੰਕਰ ਨਾਲ ਸਬੰਧਤ, ਕੈਨੇਡਾ ਦੇ ਐਡਮਿੰਟਨ ‘ਚ ਰਹਿੰਦੇ 90 ਸਾਲਾ ਸਿੱਖ ਵਿਦਵਾਨ ਅਤੇ ਮੂਲ ਨਾਨਕਸ਼ਾਹੀ ਕੈਲੰਡਰ ਤਿਆਰ ਕਰਨ ਵਾਲੇ ਪਾਲ ਸਿੰਘ ਪੁਰੇਵਾਲ ਦਾ ਕੁਝ ਸਮਾਂ ਬਿਮਾਰ ਰਹਿਣ ਮਗਰੋਂ ਦਿਹਾਂਤ ਹੋ ਗਿਆ ਹੈ। ਸਾਬਕਾ ਇੰਜੀਨੀਅਰ ਪਾਲ ਸਿੰਘ ਪੁਰੇਵਾਲ ਦੀ ਮੌਤ ਦੀ ਅਫ਼ਵਾਹ ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ ‘ਤੇ ਵੀ ਫੈਲੀ ਸੀ। ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਨੁਸਾਰ ਉਹ ਡਾਕਟਰਾਂ ਦੀ ਨਿਗਰਾਨੀ ਹੇਠ ਸਨ ਪਰ ਉਨ੍ਹਾਂ ਨੇ ਵੀਰਵਾਰ ਤੜਕੇ ਆਖਰੀ ਸਾਹ ਲਿਆ। ਉਨ੍ਹਾਂ ਦਾ ਦਿਹਾਂਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਪਣਾਏ ਗਏ ਮੂਲ ਨਾਨਕਸ਼ਾਹੀ ਕੈਲੰਡਰ ਦੇ ਸਮਰਥਕਾਂ ਲਈ ਇਕ ਵੱਡਾ ਝਟਕਾ ਹੈ। ਉਹ ਇਕ ਸੇਵਾਮੁਕਤ ਇੰਜੀਨੀਅਰ, ਲੇਖਕ, ਵਿਦਵਾਨ ਅਤੇ ਇਕ ਅਧਿਆਪਕ ਸਨ। ਉਹ 1965 ‘ਚ ਯੂਨਾਈਟਿਡ ਕਿੰਗਡਮ ਚਲੇ ਗਏ ਸਨ ਅਤੇ ਉਨ੍ਹਾਂ ਟੈਕਸਾਸ ਇੰਸਟਰੂਮੈਂਟਸ ‘ਚ ਇਕ ਸੀਨੀਅਰ ਇੰਜੀਨੀਅਰ ਵਜੋਂ ਕੰਮ ਕੀਤਾ। ਉਹ 1974 ‘ਚ ਕੈਨੇਡਾ ਚਲੇ ਗਏ। ਉਨ੍ਹਾਂ 1960 ਦੇ ਦਹਾਕੇ ਤੋਂ ਸਿੱਖ ਕੈਲੰਡਰ ਦੀ ਪ੍ਰਮਾਣਿਕਤਾ ਨੂੰ ਸਥਾਪਿਤ ਕਰਨ ਵਾਲੇ ਵੱਖ-ਵੱਖ ਖੋਜ ਪੱਤਰ ਲਿਖੇ। ਉਨ੍ਹਾਂ ਦੀਆਂ ਪ੍ਰਕਾਸ਼ਿਤ ਲਿਖਤਾਂ ‘ਚ ਜੰਤਰੀ 500 ਸਾਲ-ਇਕ ਅਲਮੈਨਕ (ਨਵੰਬਰ 1994 ‘ਚ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪ੍ਰਕਾਸ਼ਿਤ) ਅਤੇ ਹਿਜਰੀ ਕੈਲੰਡਰ-ਇਕ ਕਿਤਾਬ ਲਈ ਉਨ੍ਹਾਂ ਨੂੰ ‘ਲਾਈਫਟਾਈਮ ਅਚੀਵਮੈਂਟ ਐਵਾਰਡ’ ਮਿਲਿਆ। ਉਨ੍ਹਾਂ ਨੇ ਨਾਨਕਸ਼ਾਹੀ ਕੈਲੰਡਰ ਨੂੰ ਤਿਆਰ ਕਰਨ ਲਈ ਲਗਪਗ 15 ਵਰ੍ਹੇ ਨਿਰੰਤਰ ਕੰਮ ਕੀਤਾ। ਇਸ ਨੂੰ ਤਿਆਰ ਕਰਨ ਲਈ ਪੁਰੇਵਾਲ ਨੇ ਕ੍ਰਿਸ਼ਚੀਅਨ ਕੈਲੰਡਰ ਸਮੇਤ ਦੁਨੀਆ ਦੇ ਬਹੁਤ ਸਾਰੇ ਕੈਲੰਡਰਾਂ ਸਮੇਤ ਅਸਟਰੋਨਾਮੀ ਦੀਆਂ 120 ਕਿਤਾਬਾਂ ਦਾ ਅਧਿਐਨ ਕੀਤਾ ਤੇ ਮੂਲ ਨਾਨਕਸ਼ਾਹੀ ਕੈਲੰਡਰ ਤਿਆਰ ਕੀਤਾ ਜਿਸ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਕਾਇਦਾ ਪ੍ਰਵਾਨਗੀ ਦਿੱਤੀ ਤੇ ਇਸ ਨੂੰ ਲਾਗੂ ਕਰ ਦਿੱਤਾ ਗਿਆ। ਕਰੀਬ ਸੱਤ ਵਰ੍ਹੇ ਇਹ ਲਾਗੂ ਰਿਹਾ ਤੇ ਪੁਰੇਵਾਲ ਦੇ ਨਾਨਕਸ਼ਾਹੀ ਕੈਲੰਡਰ ਦੀਆਂ ਤਰੀਕਾਂ ਦੇ ਆਧਾਰ ‘ਤੇ ਹੀ ਵਿਸ਼ਵ ਭਰ ‘ਚ ਪੁਰਬ ਸਜਾਏ ਜਾਣ ਲੱਗੇ। ਮੂਲ ਨਾਨਕਸ਼ਾਹੀ ਕੈਲੰਡਰ ਨੂੰ ਲਾਗੂ ਕੀਤੇ ਜਾਣ ਕਾਰਨ ਪੁਰੇਵਾਲ ਨੇ ਵਿਸ਼ਵ ਪੱਧਰ ‘ਤੇ ਪ੍ਰਸਿੱਧੀ ਹਾਸਲ ਕੀਤੀ। ਉਨ੍ਹਾਂ ਨੇ ਪਾਕਿਸਤਾਨ ਲਈ ਇਸਲਾਮਿਕ ਕੈਲੰਡਰ ਵੀ ਤਿਆਰ ਕੀਤਾ ਜਿਸ ਲਈ ਸ਼ੀਆ ਤੇ ਸੁੰਨੀ ਦੋਵਾਂ ਨੇ ਸਹਿਮਤੀ ਪ੍ਰਗਟ ਕੀਤੀ। ਪਾਕਿਸਤਾਨ ‘ਚ ਇਸ ਕੈਲੰਡਰ ਦੇ ਲਾਗੂ ਕਰਨ ਸਮੇਂ ਪਾਕਿਸਤਾਨ ਦੇ ਉਸ ਸਮੇਂ ਦੇ ਗਵਰਨਰ ਨੇ ਬਕਾਇਦਾ ਉਦਘਾਟਨ ਕੀਤਾ। ਸਨਮਾਨ ਵਜੋਂ ਪਾਕਿਸਤਾਨ ਦੇ ਦਿਆਲ ਸਿੰਘ ਕਾਲਜ ਦੀ ਲਾਇਬਰੇਰੀ ਪੁਰੇਵਾਲ ਦੇ ਨਾਂ ਨੂੰ ਸਮਰਪਿਤ ਕੀਤੀ ਗਈ। ਲਗਪਗ ਸੱਤ ਵਰ੍ਹੇ ਲਾਗੂ ਰਹਿਣ ਮਗਰੋਂ ਪੁਰੇਵਾਲ ਦਾ ਰਚਿਆ ਨਾਨਕਸ਼ਾਹੀ ਕੈਲੰਡਰ ਉਸ ਸਮੇਂ ਸਿਆਸਤ ਦੀ ਭੇਟ ਚੜ੍ਹ ਗਿਆ।