ਕਾਮਨਵੈਲਥ ਗੇਮਜ਼ ਦੇ ਸੋਨ ਤਗ਼ਮਾ ਜੇਤੂ ਸਾਤਵਿਕਸਾਈਰਾਜ ਰੈਂਕੀਰੈੱਡੀ ਅਤੇ ਚਿਰਾਗ ਸ਼ੈੱਟੀ ਨੇ ਬੀ.ਡਬਲਿਊ.ਐੱਫ. ਵਰਲਡ ਟੂਰ ਫਾਈਨਲਸ ਚੈਂਪੀਅਨ ਲਿਓ ਯੂ ਚੇਨ ਤੇ ਯੂ ਸ਼ੂਆਨ ਯਿ ਨੂੰ ਤਿੰਨ ਸੈੱਟਾਂ ‘ਚ ਹਰਾ ਕੇ ਮਲੇਸ਼ੀਆ ਓਪਨ ਸੁਪਰ 750 ਬੈਡਮਿੰਟਨ ਟੂਰਨਾਮੈਂਟ ਦੇ ਸੈਮੀਫਾਈਨਲ ‘ਚ ਪ੍ਰਵੇਸ਼ ਕਰ ਲਿਆ। ਸੱਤਵਾਂ ਦਰਜਾ ਪ੍ਰਾਪਤ ਭਾਰਤੀ ਜੋੜੀ ਨੇ ਚੀਨੀ ਟੀਮ ਨੂੰ 17-21, 22-20, 21-9 ਨਾਲ ਹਰਾਇਆ। ਇਸ ਤੋਂ ਪਹਿਲਾਂ ਇੰਡੀਆ ਦੇ ਐੱਚ.ਐੱਸ. ਪ੍ਰਣਯ ਨੂੰ 3 ਸੈੱਟਾਂ ਤਕ ਚੱਲੇ ਕੁਆਰਟਰ ਫਾਈਨਲ ‘ਚ ਦੁਨੀਆ ਦੇ ਸੱਤਵੇਂ ਨੰਬਰ ਦੇ ਜਾਪਾਨੀ ਖਿਡਾਰੀ ਕੋਡਾਈ ਨਾਰਾਓਕਾ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। ਕੇਰਲ ਦੇ 30 ਸਾਲ ਦੇ ਪ੍ਰਣਯ ਨੂੰ 84 ਮਿੰਟ ਤਕ ਮੈਚ ‘ਚ 21 ਸਾਲਾ ਨਾਰਾਓਕਾ ਹੱਥੋਂ 16-21, 21-19, 10-21 ਨਾਲ ਹਾਰ ਮਿਲੀ। ਇਸ ਤੋਂ ਪਹਿਲਾਂ ਰਾਸ਼ਟਰਮੰਡਲ ਖੇਡਾਂ ਦੀ ਕਾਂਸੇ ਦਾ ਤਗ਼ਮਾ ਜੇਤੂ ਤ੍ਰਿਸਾ ਜਾਲੀ ਤੇ ਗਾਇਤ੍ਰੀ ਗੋਪੀਚੰਦ ਨੂੰ ਪ੍ਰੀ ਕੁਆਰਟਰ ਫਾਈਨਲ ‘ਚ ਬੁਲਗਾਰੀਆ ਦੀ ਗੈਬਰੀਅਲਾ ਸਟੋਏਵਾ ਤੇ ਸਟੇਫਨੀ ਸਟੋਏਵਾ ਨੇ ਹਰਾ ਦਿੱਤਾ। ਦੁਨੀਆ ‘ਚ 16ਵੇਂ ਨੰਬਰ ਦੀ ਭਾਰਤੀ ਜੋੜੀ ਨੂੰ 14ਵੀਂ ਰੈਂਕਿੰਗ ਵਾਲੀਆਂ ਸਟੋਏਵਾ ਭੈਣਾਂ ਨੇ 21-13, 15-21, 21-17 ਨਾਲ ਮਾਤ ਦਿੱਤੀ।