ਸੱਟ ਦੇ ਕਾਰਨ ਪੰਜ ਮਹੀਨੇ ਬਾਅਦ ਪਰਤ ਰਹੀ ਪੀ.ਵੀ. ਸਿੰਧੂ ਤੋਂ ਇਲਾਵਾ ਐੱਸ.ਐੱਸ. ਪ੍ਰਣਯ ਤੇ ਲਕਸ਼ੈ ਸੇਨ ਵਰਗੇ ਚੋਟੀ ਦੇ ਖਿਡਾਰੀ ਮੰਗਲਵਾਰ ਤੋਂ ਸ਼ੁਰੂ ਹੋ ਰਹੇ ਮਲੇਸ਼ੀਆ ਓਪਨ ‘ਚ ਜਿੱਤ ਦੇ ਨਾਲ ਸੈਸ਼ਨ ਦਾ ਆਗਾਜ਼ ਕਰਨਾ ਚਾਹੁਣਗੇ। ਪਿਛਲੇ ਸਾਲ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਭਾਰਤੀ ਖਿਡਾਰੀਆਂ ਨੇ ਉਮੀਦਾਂ ਜਗਾਈਆਂ ਹਨ। ਪੈਰਿਸ ਓਲੰਪਿਕ 2024 ਲਈ ਕੁਆਲੀਫਿਕੇਸ਼ਨ ਵੀ ਮਈ ‘ਚ ਸ਼ੁਰੂ ਹੋ ਰਿਹਾ ਹੈ। ਭਾਰਤੀ ਖਿਡਾਰੀਆਂ ਦਾ ਸਾਹਮਣਾ 1,250,000 ਡਾਲਰ ਦੀ ਇਨਾਮੀ ਰਾਸ਼ੀ ਦੇ ਸੁਪਰ 1000 ਟੂਰਨਾਮੈਂਟ ‘ਚ ਦੁਨੀਆ ਦੇ ਨੰਬਰ ਇਕ ਖਿਡਾਰੀ ਵਿਕਟਰ ਐਕਸੇਲਸੇਨ, ਮਲੇਸ਼ੀਆ ਦੇ ਲੀ ਜਿ ਜਿਆ, ਜਾਪਾਨ ਦੀ ਅਕਾਨੇ ਯਾਮਾਗੁਚੀ ਤੇ ਚੀਨੀ ਤਾਈਪੇ ਦੀ ਤਾਈ ਜੂ ਯਿੰਗ ਨਾਲ ਹੋਵੇਗਾ। ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਸਿੰਧੂ ਗਿੱਟੇ ਦੀ ਸੱਟ ਤੋਂ ਬਾਅਦ ਵਾਪਸੀ ਕਰ ਰਹੀ ਹੈ। ਉਹ ਪਹਿਲੇ ਦੌਰ ‘ਚ ਸਪੇਨ ਦੀ ਸਾਬਕਾ ਵਿਸ਼ਵ ਚੈਂਪੀਅਨ ਕੈਰੋਲਿਨਾ ਮਾਰਿਨ ਨਾਲ ਭਿੜੇਗੀ। ਸਿੰਧੂ ਨੇ ਆਖਰੀ ਮੈਚ ਅਗਸਤ ‘ਚ ਰਾਸ਼ਟਰਮੰਡਲ ਖੇਡਾਂ ‘ਚ ਖੇਡਿਆ ਸੀ। ਮਾਰਿਨ ਦਾ ਸਿੰਧੂ ਵਿਰੁੱਧ ਰਿਕਾਰਡ 9-5 ਦਾ ਰਿਹਾ ਹੈ। ਪੁਰਸ਼ ਸਿੰਗਲਜ਼ ‘ਚ ਦੁਨੀਆ ਦਾ 10ਵੇਂ ਨੰਬਰ ਦਾ ਖਿਡਾਰੀ ਸੇਨ ਪਹਿਲੇ ਦੌਰ ‘ਚ ਦੁਨੀਆ ਦੇ 8ਵੇਂ ਨੰਬਰ ਦੇ ਖਿਡਾਰੀ ਇੰਡੀਆ ਦੇ ਹੀ ਪ੍ਰਣਯ ਨਾਲ ਭਿੜੇਗਾ। ਉਥੇ ਹੀ ਦੁਨੀਆ ਦਾ ਸਾਬਕਾ ਨੰਬਰ ਇਕ ਖਿਡਾਰੀ ਕਿਦਾਂਬੀ ਸ਼੍ਰੀਕਾਂਤ ਦਾ ਸਾਹਮਣਾ ਪਹਿਲੇ ਮੈਚ ‘ਚ ਜਾਪਾਨ ਦੇ ਗੈਰ ਦਰਜਾ ਪ੍ਰਾਪਤ ਕੇਂਤਾ ਨਿਸ਼ਿਮੋਤੋ ਨਾਲ ਹੋਵੇਗਾ। ਇਸ ‘ਚ ਜਿੱਤਣ ‘ਤੇ ਉਸਦਾ ਸਾਹਮਣਾ ਪੰਜਵਾਂ ਦਰਜਾ ਪ੍ਰਾਪਤ ਜੋਨਾਥਨ ਕ੍ਰਿਸਟੀ ਨਾਲ ਹੋ ਸਕਦਾ ਹੈ। ਪੁਰਸ਼ ਡਬਲਜ਼ ‘ਚ ਦੁਨੀਆ ਦੀ ਪੰਜਵੇਂ ਨੰਬਰ ਦੀ ਜੋੜੀ ਸਾਤਵਿਕ ਸਾਈਂਰਾਜ ਰੈਂਕੀਰੈੱਡੀ ਤੇ ਚਿਰਾਗ ਸ਼ੈੱਟੀ ਦਾ ਸਾਹਮਣਾ ਪਹਿਲੇ ਦੌਰ ‘ਚ ਦੱਖਣੀ ਕੋਰੀਆ ਦੇ ਚੋਈ ਸੋਲ ਯੂ ਤੇ ਕਿਮ ਵਾਨ ਹੋ ਨਾਲ ਹੋਵੇਗਾ। ਮਹਿਲਾ ਸਿੰਗਲਜ਼ ‘ਚ ਸਾਈਨਾ ਨੇਹਵਾਲ, ਆਕਰਸ਼ੀ ਕਸ਼ਯਪ ਤੇ ਮਾਲਵਿਕਾ ਬੰਸੋਡ ਵੀ ਖੇਡ ਰਹੀ ਹੈ। ਸਾਇਨਾ ਦਾ ਸਾਹਮਣਾ ਚੀਨ ਦੀ ਗੈਰ ਦਰਜਾ ਪ੍ਰਾਪਤ ਹਾਨ ਯੂਈ ਨਾਲ ਹੋਵੇਗਾ ਜਦਕਿ ਆਕਰਸ਼ੀ ਚੀਨੀ ਤਾਈਪੇ ਦੀ ਸੂ ਵੇਨ ਚਿ ਨਾਲ ਤੇ ਮਾਲਵਿਕਾ ਕੋਰੀਆ ਦੀ ਅਨ ਸਿ ਯੰਗ ਨਾਲ ਖੇਡੇਗੀ। ਮਹਿਲਾ ਡਬਲਜ਼ ‘ਚ ਰਾਸ਼ਟਰਮੰਡਲ ਖੇਡਾਂ ਦੀ ਕਾਂਸੀ ਤਗ਼ਮਾ ਜੇਤੂ ਗਾਇਤਰੀ ਗੋਪੀਚੰਦ ਤੇ ਤ੍ਰਿਸ਼ਾ ਜੌਲੀ ਦਾ ਸਾਹਮਣਾ ਹਾਂਗਕਾਂਗ ਦੀ ਯੁੰਗ ਏਂਗਾ ਤਿੰਗ ਤੇ ਯੁੰਗ ਪੂਈ ਲਾਮ ਨਾਲ ਹੋਵੇਗਾ ਜਦਕਿ ਅਸ਼ਵਿਨੀ ਭੱਟ ਤੇ ਸ਼ਿਖਾ ਗੌਤਮ ਦੀ ਟੱਕਰ ਥਾਈਲੈਂਡ ਦੀ ਐੱਸ. ਪਾਏਵਸਾਮਪ੍ਰਾਨ ਤੇ ਪੁਤਿਤਾ ਸੁਪਜਿਰਾਕੁਲ ਨਾਲ ਹੋਵੇਗੀ। ਮਿਕਸਡ ਡਬਲਜ਼ ‘ਚ ਈਸ਼ਾਨ ਭਟਨਾਗਰ ਤੇ ਤਨੀਸ਼ਾ ਕ੍ਰਾਸਟੋ ਦਾ ਸਾਹਮਣਾ ਨੀਦਰਲੈਂਡ ਦੇ ਰੌਬਿਨ ਟੀ ਤੇ ਸੇਲੇਨਾ ਪੀਕ ਨਾਲ ਹੋਵੇਗਾ।