ਪਿਛਲੇ ਦਿਨੀਂ ਮਿਲਟਨ ‘ਚ ਹੋਈ ਫਾਇਰਿੰਗ ‘ਚ ਜ਼ਖਮੀ ਹੋਏ ਪੰਜਾਬ ਦੇ ਖੰਨਾ ਨਾਲ ਸਬੰਧਤ ਅੰਤਰਰਾਸ਼ਟਰੀ ਵਿਦਿਆਰਥੀ ਸਤਵਿੰਦਰ ਸਿੰਘ (28) ਦੀ ਮੌਤ ਹੋ ਗਈ ਹੈ। ਮਾਪਿਆਂ ਦਾ ਇਕਲੌਤਾ ਪੁੱਤਰ ਤੇ ਇਕ ਭੈਣ ਦਾ ਭਰਾ ਸਤਵਿੰਦਰ ਸਿੰਘ ਮਿਲਟਨ ‘ਚ ਹੋਈ ਗੋਲੀਬਾਰੀ ਦੇ ਹਮਲੇ ਦੇ ਪੀੜਤਾਂ ਵਿੱਚੋਂ ਇਕ ਸੀ, ਜਿਸ ਦੀ ਹਸਪਤਾਲ ‘ਚ ਇਲਾਜ ਦੌਰਾਨ ਮੌਤ ਹੋ ਗਈ। ਇਸ ਗੋਲੀਬਾਰੀ ਦੇ ਨਤੀਜੇ ਵਜੋਂ ਐੱਮ.ਕੇ. ਬਾਡੀ ਸ਼ਾਪ ਮਿਲਟਨ ਦੇ ਮਾਲਕ ਸ਼ਕੀਲ ਅਸ਼ਰਫ (38) ਅਤੇ ਇਕ ਟੋਰਾਂਟੋ ਟ੍ਰੈਫ਼ਿਕ ਪੁਲੀਸ ਮੁਲਾਜ਼ਮ ਐਂਡਰਿਊ ਹਾਂਗ (48) ਦੀ ਵੀ ਮੌਤ ਹੋ ਗਈ ਸੀ। ਇਕ ਗੈਰ ਗੋਰੇ ਮੂਲ ਦੇ ਸਿਰਫਿਰੇ ਵੱਲੋਂ ਕੀਤੀ ਗੋਲੀਬਾਰੀ ‘ਚ ਸਤਵਿੰਦਰ ਸਿੰਘ ਸਮੇਤ ਤਿੰਨ ਲੋਕ ਜ਼ਖਮੀ ਹੋਏ ਸਨ। ਸਤਵਿੰਦਰ ਸਿੰਘ ਦੇ ਸਿਰ ‘ਚ ਗੋਲੀ ਲੱਗੀ ਸੀ। ਗੈਰ ਗੋਰੇ ਮੂਲ ਦੇ ਇਸ ਬੰਦੂਕਧਾਰੀ ਨੂੰ ਬਾਅਦ ‘ਚ ਹੈਮਿਲਟਨ ‘ਚ ਪੁਲੀਸ ਦੁਆਰਾ ਗੋਲੀ ਮਾਰ ਦਿੱਤੀ ਗਈ ਸੀ। ਮ੍ਰਿਤਕ ਇੰਡੀਆ ਦਾ ਅੰਤਰਰਾਸ਼ਟਰੀ ਵਿਦਿਆਰਥੀ ਸੀ ਜੋ ਸੋਮਵਾਰ ਦੀ ਗੋਲੀਬਾਰੀ ਦੇ ਸਮੇਂ ਆਟੋ ਵਰਕਸ਼ਾਪ ‘ਚ ਪਾਰਟਟਾਈਮ ਕੰਮ ਕਰ ਰਿਹਾ ਸੀ। ਹਮਲਾਵਰ ਨੇ ਉਸ ਤੋਂ ਪਹਿਲਾਂ ਜਿਹੜੀ ਆਟੋ ਵਰਕਸ਼ਾਪ ‘ਚ ਸਤਵਿੰਦਰ ਕੰਮ ਕਰਦਾ ਸੀ ਉਸ ਦੇ ਮਾਲਿਕ ਸ਼ਕੀਲ ਅਸਰਫ ਨੂੰ ਗੋਲੀ ਮਾਰੀ, ਜਿਸ ਨਾਲ ਉਸ ਦੀ ਮੌਕੇ ‘ਤੇ ਹੀ ਮੋਤ ਗਈ ਸੀ। ਬਾਅਦ ‘ਚ ਵਰਕਸ਼ਾਪ ‘ਚ ਸਤਵਿੰਦਰ ਸਿੰਘ ਦੇ ਸਿਰ ਤੇ ਅਤੇ ਦੂਜੇ ਵਿਅਕਤੀ ਦੀ ਲੱਤ ‘ਤੇ ਗੋਲੀ ਮਾਰੀ, ਜੋ ਕੋਨੇਸਟੋਗਾ ਕਾਲਜ ‘ਚ ਇਕ ਅੰਤਰਰਾਸ਼ਟਰੀ ਵਿਦਿਆਰਥੀ ਸੀ। ਕਾਲਜ ‘ਚ ਇਸ ਸਾਲ ਅਗਸਤ ਮਹੀਨੇ ਸਤਵਿੰਦਰ ਸਿੰਘ ਨੇ ਆਪਣੀ ਪੜ੍ਹਾਈ ਪੂਰੀ ਕੀਤੀ ਸੀ ਅਤੇ ਪੜ੍ਹਾਈ ਦਾ ਖ਼ਰਚਾ ਚਲਾਉਣ ਲਈ ਉਹ ਮਿਲਟਨ ਦੀ ਆਟੋ ਵਰਕਸ਼ਾਪ ‘ਚ ਪਾਰਟ-ਟਾਈਮ ਕੰਮ ਕਰਦਾ ਸੀ। ਜਦੋ ਉਹ ਕੰਮ ਕਰ ਰਿਹਾ ਸੀ ਤਾਂ ਗੈਰ ਗੋਰੇ ਮੂਲ ਦੇ ਸਿਰਫਿਰੇ ਨੇ ਗੋਲੀਬਾਰੀ ਕੀਤੀ ਅਤੇ ਉਹ ਇਸ ਗੋਲੀਬਾਰੀ ਦੀ ਲਪੇਟ ‘ਚ ਆ ਗਿਆ ਸੀ। ਮਾਰੇ ਗਏ ਨੌਜਵਾਨ ਵਿਦਿਆਰਥੀ ਸਤਵਿੰਦਰ ਸਿੰਘ ਦਾ ਪਿਤਾ ਡੁਬਈ ‘ਚ ਇਕ ਟਰੱਕ ਡਰਾਈਵਰ ਵਜੋਂ ਕੰਮ ਕਰਦਾ ਹੈ। ਉਸ ਦੀ ਮ੍ਰਿਤਕ ਦੇਹ ਨੂੰ ਪੰਜਾਬ ਲਿਜਾਣ ਅਤੇ ਸਸਕਾਰ ਕਰਨ ਲਈ ਗੋ ਫੰਡ ਮੀ ‘ਤੇ ਸਹਾਇਤਾ ਇਕੱਠੀ ਕੀਤੀ ਜਾ ਰਹੀ ਹੈ ਤਾਂ ਜੋ ਪਰਿਵਾਰ ਆਖ਼ਰੀ ਵਾਰ ਉਸ ਦਾ ਮੂੰਹ ਦੇਖ ਲੈਣ ਅਤੇ ਉਸ ਦਾ ਸਸਕਾਰ ਉਸ ਦੀ ਜਨਮ ਭੂਮੀ ਤੇ ਕੀਤਾ ਜਾਵੇ।