ਇੰਡੀਆ ਦੇ ਰਾਸ਼ਟਰਪਤੀ ਭਵਨ ‘ਚ ਹੋਏ ਇਕ ਸਨਮਾਨ ਸਮਾਰੋਹ ਦੌਰਾਨ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਸਮਾਜਸੇਵੀ ਨੇਤਾ ਮੁਲਾਇਮ ਸਿੰਘ ਯਾਦਵ ਅਤੇ ਪ੍ਰਸਿੱਧ ਡਾਕਟਰ ਦਿਲੀਪ ਮਹਾਲਨਾਬਿਸ ਨੂੰ ਮਰਨ ਉਪਰੰਤ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ। ਲੇਖਕ ਸੁਧਾ ਮੂਰਤੀ, ਭੌਤਿਕ ਵਿਗਿਆਨੀ ਦੀਪਕ ਧਰ, ਨਾਵਲਕਾਰ ਐੱਸ.ਐੱਲ. ਭੈਰੱਪਾ ਅਤੇ ਵੈਦਿਕ ਵਿਦਵਾਨ ਤ੍ਰਿਦੰਡੀ ਚਿੰਨਾ ਜੇ. ਸਵਾਮੀਜੀ ਨੂੰ ਵੀ ਸਮਾਰੋਹ ਦੌਰਾਨ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ। ਮੁਲਾਇਮ ਯਾਦਵ ਦੇ ਪੁੱਤਰ ਅਤੇ ਉੱਓਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਪੁਰਸਕਾਰ ਪ੍ਰਾਪਤ ਕੀਤਾ ਜਦਕਿ ਮਹਾਲਨਾਬਿਸ ਦਾ ਪੁਰਸਕਾਰ ਉਨ੍ਹਾਂ ਦੇ ਭਤੀਜੇ ਨੇ ਪ੍ਰਾਪਤ ਕੀਤਾ। ਫਿਲਮ ‘ਆਰ.ਆਰ.ਆਰ’ ਦੇ ਗੀਤ ‘ਨਾਟੂ ਨਾਟੂ’ ਲਈ ਭਾਰਤ ਦਾ ਪਹਿਲਾ ਆਸਕਰ ਜਿੱਤਣ ਵਾਲੇ ਸੰਗੀਤ ਨਿਰਦੇਸ਼ਕ ਐੱਮ.ਐੱਮ. ਕੀਰਾਵਾਨੀ ਅਤੇ ਬਾਲੀਵੁੱਡ ਅਦਾਕਾਰਾ ਰਵੀਨਾ ਟੰਡਨ ਨੂੰ ਪਦਮਸ਼੍ਰੀ ਪੁਰਸਕਾਰ ਦਿੱਤਾ ਗਿਆ। ਰਾਸ਼ਟਰਪਤੀ ਨੇ ਇਸ ਸਾਲ ਦੇ ਗਣਤੰਤਰ ਦਿਵਸ ਦੀ ਪੂਰਬਲੀ ਸ਼ਾਮ ‘ਤੇ 106 ਪਦਮ ਪੁਰਸਕਾਰ ਦਿੱਤੇ ਜਾਣ ਦੀ ਮਨਜ਼ੂਰੀ ਦਿੱਤੀ ਸੀ। ਸਮਾਰੋਹ ‘ਚ 53 ਪੁਰਸਕਾਰ ਜੇਤੂਆਂ ਨੂੰ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ‘ਚ 3 ਪਦਮ ਵਿਭੂਸ਼ਣ, 5 ਪਦਮ ਭੂਸ਼ਣ ਅਤੇ 45 ਪਦਮਸ਼੍ਰੀ ਸ਼ਾਮਲ ਸਨ। ਹੋਰ ਉੱਘੀਆਂ ਹਸਤੀਆਂ ਨੂੰ 22 ਮਾਰਚ ਨੂੰ ਪਦਮ ਪੁਰਸਕਾਰ ਦਿੱਤੇ ਗਏ ਸਨ।