ਕਾਂਗਰਸ ਨੇ ਦੇਸ਼ ਦੇ ਵੱਖ-ਵੱਖ 23 ਸ਼ਹਿਰਾਂ ’ਚ ਮੀਡੀਆ ਕਾਨਫਰੰਸਾਂ ਕਰਕੇ ਭਾਜਪਾ ਉਤੇ ਅੱਤਵਾਦੀਆਂ ਨਾਲ ਸਬੰਧ ਰੱਖਣ ਦਾ ਦੋਸ਼ ਲਾਇਆ। ਕਾਂਗਰਸ ਨੇ ਦੋਸ਼ ਲਾਇਆ ਕਿ ਰਾਸ਼ਟਰਵਾਦ ਦੇ ਪਰਦੇ ’ਚ ਭਾਜਪਾ ਦੇਸ਼ ਨੂੰ ਖੋਖ਼ਲਾ ਕਰਨ ਦਾ ਘਿਣਾਉਣਾ ਕੰਮ ਕਰ ਰਹੀ ਹੈ। ਵਿਰੋਧੀ ਧਿਰ ਨੇ ਭਗਵਾਂ ਪਾਰਟੀ ਨੂੰ ਸਵਾਲ ਕੀਤਾ ਕਿ ਉਹ ਇਸ ਗੱਲ ਉਤੇ ਮੰਥਨ ਕਰਨ ਕਿ ਕਿਵੇਂ ਅਜਿਹੇ ਤੱਤ ਪਾਰਟੀ ’ਚ ਦਾਖਲ ਹੋ ਗਏ ਹਨ। ਉਨ੍ਹਾਂ ਭਾਜਪਾ ਤੋਂ ਸਪੱਸ਼ਟੀਕਰਨ ਵੀ ਮੰਗਿਆ। ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਟਵੀਟ ਕੀਤਾ, ‘ਭਾਜਪਾ ਦਾ ਅੱਤਵਾਦੀਆਂ ਨਾਲ ਨਾਤਾ ਹੈ, ਇਸ ਰਿਸ਼ਤੇ ਨੂੰ ਕੀ ਨਾਂ ਦਿੱਤਾ ਜਾ ਸਕਦਾ ਹੈ? ਉਨ੍ਹਾਂ ਕਿਹਾ ਕਿ ਅੱਜ ਪਾਰਟੀ ਦੇ 23 ਨੇਤਾਵਾਂ ਤੇ ਬੁਲਾਰਿਆਂ ਨੇ ਦੇਸ਼ ਦੇ ਵੱਖ-ਵੱਖ ਸ਼ਹਿਰਾਂ ’ਚ ਪ੍ਰੈੱਸ ਕਾਨਫਰੰਸ ਕਰਕੇ ਭਾਜਪਾ ਦੇ ‘ਅੱਤਵਾਦੀਆਂ ਨਾਲ ਰਿਸ਼ਤਿਆਂ ਦਾ ਪਰਦਾਫਾਸ਼ ਕੀਤਾ ਹੈ’। ਹਾਲ ਹੀ ’ਚ ਜੰਮੂ ਕਸ਼ਮੀਰ ’ਚ ਗ੍ਰਿਫ਼ਤਾਰ ਲਸ਼ਕਰ ਦੇ ਇਕ ਅੱਤਵਾਦੀ ਦੀਆਂ ਫੋਟੋਆਂ ਭਾਜਪਾ ਦੇ ਆਗੂਆਂ ਨਾਲ ਸਾਹਮਣੇ ਆਈਆਂ ਸਨ। ਉਦੈਪੁਰ ਹੱਤਿਆ ਕਾਂਡ ਦੇ ਇਕ ਮੁਲਜ਼ਮ ਦੀਆਂ ਫੋਟੋਆਂ ਵੀ ਪਾਰਟੀ ਆਗੂਆਂ ਨਾਲ ਦੇਖਣ ਨੂੰ ਮਿਲੀਆਂ ਸਨ। ਕਾਂਗਰਸ ਆਗੂ ਅਲਕਾ ਲਾਂਬਾ ਨੇ ਇਕ ਮੀਡੀਆ ਕਾਨਫਰੰਸ ਦੌਰਾਨ ਭਾਜਪਾ ’ਤੇ ਤਿੱਖੇ ਸ਼ਬਦੀ ਹਮਲੇ ਬੋਲੇ ਅਤੇ ਜਵਾਬ ਮੰਗਿਆ। ਇਸ ਦੇ ਜਵਾਬ ’ਚ ਭਾਜਪਾ ਨੇ ਆਪਣੇ ਬੁਲਾਰੇ ਸੰਬਿਤ ਪਾਤਰਾ ਨੂੰ ਮੈਦਾਨ ’ਚ ਉਤਾਰਿਆ। ਪਾਤਰਾ ਨੇ ਉਲਟਾ ਕਾਂਗਰਸ ’ਤੇ ਸੱਤਾ ਹਾਸਲ ਕਰਨ ਲਈ ਅੱਤਵਾਦੀਆਂ ਦਾ ਸਾਥ ਦੇਣ ਦੇ ਦੋਸ਼ ਲਾਏ।