ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੇਥ-ਦੋਇਮ ਦੇ ਅੰਤਿਮ ਸਸਕਾਰ ‘ਚ ਸਰਕਾਰ ਨੂੰ ਅਨੁਮਾਨਿਤ 16.2 ਕਰੋੜ ਪੌਂਡ ਰਕਮ ਜੋ ਕਿ ਲਗਭਗ 20 ਕਰੋੜ ਅਮਰੀਕਨ ਡਾਲਰ ਬਣਦੀ ਹੈ, ਦਾ ਖਰਚਾ ਆਇਆ। ਵਿੱਤ ਵਿਭਾਗ ਨੇ ਇਹ ਜਾਣਕਾਰੀ ਦਿੱਤੀ। ਮਹਾਰਾਣੀ ਦਾ ਪਿਛਲੇ ਸਾਲ 19 ਸਤੰਬਰ ਨੂੰ ਰਾਜਕੀ ਸਨਮਾਨ ਨਾਲ ਅੰਤਿਮ ਸੰਸਕਾਰ ਕੀਤਾ ਗਿਆ ਸੀ, ਜੋ 1965 ‘ਚ ਸਾਬਕਾ ਪ੍ਰਧਾਨ ਮੰਤਰੀ ਵਿੰਸਟਨ ਚਰਚਿਲ ਦੇ ਅੰਤਿਮ ਸੰਸਕਾਰ ਤੋਂ ਬਾਅਦ ਦੇਸ਼ ‘ਚ ਪਹਿਲਾ ਮਾਮਲਾ ਸੀ। ਮਹਾਰਾਣੀ ਐਲਿਜ਼ਾਬੇਥ-ਦੋਇਮ ਦਾ 8 ਸਤੰਬਰ 2022 ਨੂੰ ਦਿਹਾਂਤ ਹੋ ਗਿਆ ਸੀ। ਮਹਾਰਾਣੀ ਦੇ ਦਿਹਾਂਤ ਤੋਂ ਬਾਅਦ 10 ਦਿਨ ਦਾ ਰਾਸ਼ਟਰੀ ਸ਼ੋਕ ਰੱਖਿਆ ਗਿਆ ਸੀ ਅਤੇ ਉਨ੍ਹਾਂ ਦੇ ਅੰਤਿਮ ਸਸਕਾਰ ‘ਚ ਕਈ ਦੇਸ਼ਾਂ ਦੇ ਨੇਤਾਵਾਂ ਅਤੇ ਪਤਵੰਤੇ ਲੋਕਾਂ ਨੇ ਭਾਗ ਲਿਆ ਸੀ। ਸੰਸਦ ‘ਚ ਦਿੱਤੇ ਗਏ ਇਕ ਲਿਖਤੀ ਬਿਆਨ ‘ਚ ਇਸ ਖਰਚੇ ਦੀ ਜਾਣਕਾਰੀ ਦਿੱਤੀ ਗਈ ਹੈ। ਵਿੱਤ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਸਰਕਾਰ ਦੀ ਪ੍ਰਾਥਮਿਕਤਾ ਸਨਮਾਨ ਨਾਲ ਅੰਤਿਮ ਸਸਕਾਰ ਨੂੰ ਸੁਚਾਰੂ ਢੰਗ ਨਾਲ ਕਰਵਾਉਣਾ ਅਤੇ ਜਨਤਾ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੈ।