ਆਲ ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਮਲਿਕਾਰਜੁਨ ਖੜਗੇ ਅੱਜ ਮਰਹੂਮ ਚੌਧਰੀ ਸੰਤੋਖ ਸਿੰਘ ਦੇ ਜਲੰਧਰ ਸਥਿਤ ਘਰ ਪੁੱਜੇ। ਪਿਛਲੇ ਦਿਨੀਂ ‘ਭਾਰਤ ਜੋੜੋ ਯਾਤਰਾ’ ਦੌਰਾਨ ਰਾਹੁਲ ਗਾਂਧੀ ਦੇ ਨਾਲ ਤੁਰਦੇ ਹੋਏ ਮੈਂਬਰ ਪਾਰਲੀਮੈਂਟ ਚੌਧਰੀ ਸੰਤੋਖ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਇਸ ਦੌਰਾਨ ਖੜਗੇ ਨੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਦੇ ਹੋਏ ਕਿਹਾ ਕਿ ਸਾਨੂੰ ਬਹੁਤ ਦੁੱਖ ਹੈ ਕਿ ਸਾਡਾ ਸਾਥੀ ਸਾਡੇ ਨਾਲ ਨਹੀਂ ਰਿਹਾ। ਉਨ੍ਹਾਂ ਦਾ ਪਰਿਵਾਰ ਪਿਛਲੇ ਕਈ ਸਾਲਾਂ ਤੋਂ ਕਾਂਗਰਸ ਪਾਰਟੀ ਦੀ ਸੇਵਾ ਕਰ ਰਿਹਾ ਹੈ ਅਤੇ ਪਾਰਟੀ ਨੂੰ ਮਜ਼ਬੂਤ ਕਰ ਰਿਹਾ ਹੈ। ਜਦੋਂ ਵੀ ਮੈਂ ਸੰਤੋਖ ਸਿੰਘ ਜੀ ਨੂੰ ਸੰਸਦ ‘ਚ ਵੇਖਿਆ, ਉਨ੍ਹਾਂ ਦੇ ਚਿਹਰੇ ‘ਤੇ ਹਮੇਸ਼ਾ ਖ਼ੁਸ਼ੀ ਰਹਿੰਦੀ ਸੀ, ਮੈਂ ਉਨ੍ਹਾਂ ਨੂੰ ਕਦੇ ਨਿਰਾਸ਼ ਨਹੀਂ ਦੇਖਿਆ। ਪਰਮਾਤਮਾ ਪਰਿਵਾਰ ਨੂੰ ਇਸ ਦੁੱਖ ਦੀ ਘੜੀ ‘ਚ ਭਾਣਾ ਮੰਨਣ ਦਾ ਬਲ ਬਖ਼ਸ਼ੇ। ਇਸ ਦੌਰਾਨ ਉਨ੍ਹਾਂ ਦੇ ਨਾਲ ਪ੍ਰਤਾਪ ਸਿੰਘ ਬਾਜਵਾ ਵੀ ਮੌਜੂਦ ਰਹੇ। ਯਾਦ ਰਹੇ ਕਿ 14 ਜਨਵਰੀ ਨੂੰ ਯਾਤਰਾ ਦੌਰਾਨ ਫਿਲੌਰ ‘ਚ ਦਿਲ ਦਾ ਦੌਰਾ ਪੈਣ ਕਾਰਨ ਸੰਸਦ ਮੈਂਬਰ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਚੌਧਰੀ ਦੀ ਅਚਾਨਕ ਸਿਹਤ ਵਿਗੜ ਗਈ ਸੀ ਅਤੇ ਉਹ ਅਚਾਨਕ ਹੀ ਡਿੱਗ ਗਏ ਸਨ। ਮੌਕੇ ‘ਤੇ ਉਨ੍ਹਾਂ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਚੌਧਰੀ ਸੰਤੋਖ ਸਿੰਘ ਦੀ ਮੌਤ ਉਰਪੰਤ ਰਾਹੁਲ ਗਾਂਧੀ ਵੱਲੋਂ ਭਾਰਤ ਜੋੜੋ ਯਾਤਰਾ ਨੂੰ 24 ਘੰਟਿਆਂ ਲਈ ਮੁਲਤਵੀ ਕੀਤਾ ਗਿਆ ਸੀ। ਚੌਧਰੀ ਦਾ ਜਨਮ 18 ਜੂਨ 1946 ਨੂੰ ਨਕੋਦਰ ਵਿਖੇ ਪਿੰਡ ਧਾਲੀਵਾਲ ‘ਚ ਹੋਇਆ ਸੀ। ਇਨ੍ਹਾਂ ਦੇ ਪਿਤਾ ਦਾ ਨਾਂ ਮਾਸਟਰ ਗੁਰਬੰਤਾ ਸਿੰਘ ਅਤੇ ਮਾਤਾ ਦਾ ਨਾਂ ਸੰਪੂਰਨ ਕੌਰ ਸੀ। ਸੰਤੋਖ ਸਿੰਘ ਚੌਧਰੀ ਨੇ ਬੀ.ਏ. ਅਤੇ ਐੱਲ.ਐੱਲ.ਬੀ. ਦੀ ਪੜ੍ਹਾਈ ਕੀਤੀ ਹੋਈ ਸੀ। ਪੇਸ਼ੇ ਤੋਂ ਕ੍ਰਿਮੀਨਲ ਵਕੀਲ ਚੌਧਰੀ ਸੰਤੋਖ ਸਿਘ ਨੂੰ ਸਿਆਸਤ ਵਿਰਾਸਤ ‘ਚ ਮਿਲੀ। ਇਨ੍ਹਾਂ ਦੇ ਪਿਤਾ ਮਾਸਟਰ ਗੁਰਬੰਤਾ ਸਿੰਘ ਪੰਜਾਬ ਦੇ ਅਨੁਸੂਚਿਤ ਜਾਤੀ ਦੇ ਲੀਡਰ ਰਹੇ ਹਨ, ਜੋ ਪੰਜਾਬ ਤੋਂ ਲੈ ਕੇ ਕੇਂਦਰ ਸਰਕਾਰ ਤੱਕ ਮੰਤਰੀ ਰਹੇ। ਉਥੇ ਹੀ ਚੌਧਰੀ ਸੰਤੋਖ ਸਿੰਘ ਦੇ ਵੱਡੇ ਭਰਾ ਜਗਜੀਤ ਸਿੰਘ ਕਰਤਾਰਪੁਰ ਵਿਧਾਨ ਸਭਾ ਹਲਕੇ ਤੋਂ ਤਿੰਨ ਵਾਰ ਵਿਧਾਇਕ ਚੁਣੇ ਗਏ ਸਨ ਅਤੇ 2002 ਤੋਂ 2007 ਤੱਕ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ‘ਚ ਸਥਾਨਕ ਸਰਕਾਰਾਂ ਬਾਰੇ ਮੰਤਰੀ ਦੇ ਰੂਪ ‘ਚ ਵੱਡੇ ਅਨੁਸੂਚਿਤ ਜਾਤੀ ਦੇ ਚਿਹਰੇ ਦੇ ਤੌਰ ‘ਤੇ ਆਪਣੀਆਂ ਸੇਵਾਵਾਂ ਨਿਭਾਅ ਚੁੱਕੇ ਸਨ।