ਮੁਰਲੀ ਸ੍ਰੀਸ਼ੰਕਰ ਵਰਲਡ ਅਥਲੈਟਿਕ ਚੈਂਪੀਅਨਸ਼ਿਪ ਦੇ ਫਾਈਨਲ ਲਈ ਕੁਆਲੀਫਾਈ ਕਰਨ ਵਾਲਾ ਇੰਡੀਆ ਦਾ ਪਹਿਲਾ ਪੁਰਸ਼ ਲੌਂਗ ਜੰਪਰ ਬਣ ਗਿਆ ਹੈ। ਇਸੇ ਤਰ੍ਹਾਂ 3000 ਮੀਟਰ ਸਟੀਪਲਚੇਜ਼ ਅਥਲੀਟ ਅਵਿਨਾਸ਼ ਸਾਬਲੇ ਨੇ ਵੀ ਮੁਕਾਬਲੇ ਦੇ ਪਹਿਲੇ ਦਿਨ ਆਸ ਮੁਤਾਬਕ ਪ੍ਰਦਰਸ਼ਨ ਕਰਦਿਆਂ ਫਾਈਨਲ ’ਚ ਜਗ੍ਹਾ ਬਣਾਈ ਹੈ। ਸ੍ਰੀਸ਼ੰਕਰ ਨੇ ਪੂਰੇ ਅੱਠ ਮੀਟਰ ਦੀ ਛਾਲ ਮਾਰ ਕੇ ਗਰੁੱਪ ਬੀ ਦੇ ਕੁਆਲੀਫਿਕੇਸ਼ਨ ਗੇਡ਼ ’ਚ ਦੂਜਾ ਅਤੇ ਕੁੱਲ ਮਿਲਾ ਕੇ ਸੱਤਵਾਂ ਸਥਾਨ ਹਾਸਲ ਕੀਤਾ। ਅੰਜੂ ਬੌਬੀ ਜੌਰਜ ਵਿਸ਼ਵ ਚੈਂਪੀਅਨਸ਼ਿਪ ’ਚ ਲੰਬੀ ਛਾਲ ਦੇ ਫਾਈਨਲ ਲਈ ਕੁਆਲੀਫਾਈ ਕਰਨ ਅਤੇ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਸੀ। ਉਸ ਨੇ 2003 ’ਚ ਪੈਰਿਸ ’ਚ ਕਾਂਸੇ ਦਾ ਤਗਮਾ ਜਿੱਤਿਆ ਸੀ। ਇਸ ਦੌਰਾਨ ਜੇਸਵਿਨ ਐਲਡਰਿਨ 7।79 ਮੀਟਰ ਨਾਲ ਅਤੇ ਮੁਹੰਮਦ ਅਨੀਸ ਯਾਹੀਆ 7.73 ਮੀਟਰ ਨਾਲ ਫਾਈਨਲ ਰਾਊਂਡ ਲਈ ਕੁਆਲੀਫਾਈ ਕਰਨ ’ਚ ਅਸਫਲ ਰਹੇ। ਜੇਸਵਿਨ ਗਰੁੱਪ ਏ ਦੇ ਕੁਆਲੀਫਿਕੇਸ਼ਨ ਗੇਡ਼ ’ਚ ਨੌਵੇਂ ਅਤੇ ਮੁਹੰਮਦ ਅਨੀਸ 11ਵੇਂ ਸਥਾਨ ’ਤੇ ਰਿਹਾ। ਸਟੀਪਲਚੇਜ਼ ਅਥਲੀਟ ਸਾਬਲੇ 8:18.75 ਦੇ ਸਮੇਂ ਨਾਲ ਤੀਜੇ ਸਥਾਨ ’ਤੇ ਰਿਹਾ। ਸ਼ਾਟਪੁਟਰ ਤੇਜਿੰਦਰਪਾਲ ਸਿੰਘ ਤੂਰ ਨੇ ਸੱਟ ਕਾਰਨ ਆਪਣੇ ਮੁਕਾਬਲੇ ਤੋਂ ਹਟਣ ਦਾ ਫ਼ੈਸਲਾ ਕੀਤਾ ਹੈ।