ਮੁਰਲੀ ਸ਼੍ਰੀਸ਼ੰਕਰ ਨੇ ਕਾਮਨਵੈਲਥ ਗੇਮਜ਼ ਦੇ ਅਥਲੈਟਿਕ ਮੁਕਾਬਲੇ ਦੇ ਲੌਂਗ ਜੰਪ ’ਚ ਚਾਂਦੀ ਦਾ ਤਗ਼ਮਾ ਜਿੱਤ ਕੇ ਇਤਿਹਾਸ ਰਚ ਦਿੱਤਾ ਪਰ ਇੰਡੀਆ ਦੇ ਮੁਹੰਮਦ ਅਨੀਸ ਯਾਹੀਆ 5ਵੇਂ ਸਥਾਨ ’ਤੇ ਰਹੇ। ਸ਼੍ਰੀਸ਼ੰਕਰ ਰਾਸ਼ਟਰਮੰਡਲ ਖੇਡਾਂ ਦੇ ਪੁਰਸ਼ ਲੌਂਗ ਜੰਪ ਮੁਕਾਬਲੇ ’ਚ ਤਗ਼ਮਾ ਜਿੱਤਣ ਵਾਲੇ ਪਹਿਲੇ ਭਾਰਤੀ ਖਿਡਾਰੀ ਹਨ। ਸੋਨ ਤਗ਼ਮੇ ਦੇ ਮਜ਼ਬੂਤ ਦਾਅਵੇਦਾਰ ਸ਼੍ਰੀਸ਼ੰਕਰ ਨੇ ਆਪਣੀ 5ਵੀਂ ਕੋਸ਼ਿਸ਼ ’ਚ 8.08 ਮੀਟਰ ਦੀ ਦੂਰੀ ਦੇ ਨਾਲ ਚਾਂਦੀ ਦਾ ਤਗ਼ਮਾ ਆਪਣੇ ਨਾਂ ਕੀਤਾ। ਸੋਨ ਤਗ਼ਮਾ ਜਿੱਤਣ ਵਾਲੇ ਬਹਾਮਾਸ ਦੇ ਲੇਕੁਆਨ ਨੇਰਨ ਨੇ ਵੀ ਆਪਣੀ ਕੋਸ਼ਿਸ਼ ’ਚ 8.08 ਮੀਟਰ ਦਾ ਹੀ ਸਰਵਸ੍ਰੇਸ਼ਟ ਯਤਨ ਕੀਤਾ। ਲੇਕੁਆਨ ਦਾ ਦੂਜਾ ਸਰਵਸ੍ਰੇਸ਼ਟ ਯਤਨ ਹਾਲਾਂਕਿ 7.98 ਮੀਟਰ ਦਾ ਰਿਹਾ, ਜੋ ਸ਼੍ਰੀਸ਼ੰਕਰ ਦੇ 7.84 ਮੀਟਰ ਦੇ ਦੂਜੇ ਸਰਵਸ੍ਰੇਸ਼ਟ ਯਤਨ ਤੋਂ ਬਿਹਤਰ ਰਿਹਾ, ਜਿਸ ਕਾਰਨ ਉਨ੍ਹਾਂ ਨੂੰ ਜੇਤੂ ਐਲਾਨ ਕੀਤਾ ਗਿਆ। ਲੇਕੁਆਨ ਨੇ ਆਪਣੀ ਦੂਜੀ ਕੋਸ਼ਿਸ਼ ’ਚ ਇਹ ਦੂਰੀ ਹਾਸਲ ਕੀਤੀ ਅਤੇ ਉਨ੍ਹਾਂ ਨੂੰ ਹਵਾ ਤੋਂ ਘੱਟ ਸਹਾਇਤਾ ਮਿਲੀ। ਸ਼੍ਰੀਸ਼ੰਕਰ ਦੀ ਕੋਸ਼ਿਸ਼ ਦੇ ਸਮੇਂ ਹਵਾ ਦੀ ਰਫ਼ਤਾਰ ਪਲੱਸ 1.5 ਮੀਟਰ ਪ੍ਰਤੀ ਸੈਕਿੰਡ ਜਦਕਿ ਨੇਰਨ ਦੀ ਕੋਸ਼ਿਸ਼ ਦੇ ਸਮੇਂ ਮਾਈਨਸ 0.1 ਮੀਟਰ ਪ੍ਰਤੀ ਸੈਕਿੰਡ ਸੀ। ਦੱਖਣੀ ਅਫਰੀਕਾ ਦੇ ਯੋਵਾਨ ਵਾਨ ਵੁਰੇਨ ਨੇ 8.06 ਮੀਟਰ ਦੀ ਕੋਸ਼ਿਸ਼ ਨਾਲ ਕਾਂਸੀ ਦਾ ਤਗ਼ਮਾ ਆਪਣੇ ਨਾਂ ਕੀਤਾ। ਸ਼੍ਰੀਸ਼ੰਕਰ ਅਤੇ ਯਾਹੀਆ ਦੋਨੋਂ ਕ੍ਰਮਵਾਰ : 8.36 ਮੀਟਰ ਅਤੇ 8.15 ਮੀਟਰ ਦੇ ਆਪਣੇ ਨਿੱਜੀ ਅਤੇ ਸੈਸ਼ਨ ਦੇ ਸਰਵਸ੍ਰੇਸ਼ਟ ਪ੍ਰਦਰਸ਼ਨ ਤੋਂ ਕਾਫੀ ਪਿੱਛੇ ਰਹੇ। ਜੇਕਰ ਇਹ ਦੋਵੇਂ ਆਪਣੇ ਨਿੱਜੀ ਸਰਵਸ੍ਰੇਸ਼ਟ ਪ੍ਰਦਰਸ਼ਨ ਦੀ ਬਰਾਬਰੀ ਕਰਦੇ ਤਾਂ ਇੰਡੀਆ ਨੂੰ ਗੋਲਡ ਅਤੇ ਸਿਲਵਰ ਮੈਡਲ ਮਿਲ ਸਕਦੇ ਸਨ।