ਕਾਮਨਵੈਲਥ ਗੇਮਜ਼ ’ਚ ਇੰਡੀਆ ਦੀ ਚੋਟੀ ਦੀ ਵੇਟਲਫਿਟਰ ਮੀਰਾਬਾਈ ਚਾਨੂ ਨੇ 49 ਕਿਲੋਗ੍ਰਾਮ ਭਾਰ ਵਰਗ ’ਚ ਗੋਲਡ ਮੈਡਲ ਜਿੱਤ ਲਿਆ ਹੈ। ਇਹ ਇੰਡੀਆ ਦਾ ਪਹਿਲਾ ਗੋਲਡ ਅਤੇ ਕੁੱਲ ਤੀਜਾ ਤਗ਼ਮਾ ਹੈ। ਇਹ ਮੀਰਾਬਾਈ ਦਾ ਵੀ ਰਾਸ਼ਟਰਮੰਡਲ ਖੇਡਾਂ ’ਚ ਲਗਾਤਾਰ ਤੀਜਾ ਤਗਮਾ ਹੈ। ਰਾਸ਼ਟਰਮੰਡਲ ਖੇਡਾਂ 2018 ’ਚ ਭਾਰਤ ਦਾ ਪਹਿਲਾ ਸੋਨ ਤਗ਼ਮਾ ਜਿੱਤਣ ਵਾਲੀ 27 ਸਾਲਾ ਮੀਰਾਬਾਈ ਨੇ ਇਥੇ ਵੀ ਆਪਣੇ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਿਆ। ਉਸ ਨੇ ਫਾਈਨਲ ’ਚ ਸਨੈਚ ਦੀ ਦੂਜੀ ਕੋਸ਼ਿਸ਼ ’ਚ 88 ਕਿਲੋ ਦੇ ਨਾਲ ਨਵਾਂ ਰਾਸ਼ਟਰੀ ਤੇ ਰਾਸ਼ਟਰਮੰਡਲ ਰਿਕਾਰਡ ਬਣਾਇਆ। ਇਸ ਤੋਂ ਬਾਅਦ ਉਸ ਨੇ ਕਲੀਨ ਐਂਡ ਜਰਕ ਨੂੰ ਵੀ ਇਕਪਾਸਡ਼ ਜਿੱਤਦੇ ਹੋਏ ਪਹਿਲੀ ਕੋਸ਼ਿਸ਼ ’ਚ 109 ਕਿਲੋ ਭਾਰ ਚੁੱਕ ਕੇ ਦੇਸ਼ ਦਾ ਪਹਿਲਾ ਗੋਲਡ ਮੈਡਲ ਪੱਕਾ ਕੀਤਾ। ਉਹ ਇੰਨੇ ’ਤੇ ਵੀ ਨਹੀਂ ਰੁਕੀ ਤੇ ਆਪਣੇ ਹੀ ਪ੍ਰਦਰਸ਼ਨ ਨੂੰ ਬਿਹਤਰ ਕਰਦੇ ਹੋਏ ਟੋਕੀਓ 2020 ਦੀ ਚਾਂਦੀ ਤਗਮਾ ਜੇਤੂ ਨੇ ਦੂਜੀ ਕੋਸ਼ਿਸ਼ ’ਚ 113 ਕਿਲੋ ਭਾਰ ਚੱਕਿਆ। ਉਹ ਤੀਜੀ ਕੋਸ਼ਿਸ਼ ਅਸਫਲ ਰਹੀ ਪਰ ਉਸ ਨਾਲ ਫਰਕ ਨਹੀਂ ਪਿਆ ਕਿਉਂਕਿ 201 ਕਿਲੋ ਦੇ ਸੁਨਹਿਰੀ ਪ੍ਰਦਰਸ਼ਨ ਦੇ ਨਾਲ ਉਹ ਪੋਡੀਅਮ ’ਤੇ ਪਹਿਲੇ ਸਥਾਨ ’ਤੇ ਰਹੀ।