ਇੰਡੀਆ ਦੇ ਵਿਸ਼ਵ ਪ੍ਰਸਿੱਧੀ ਵਾਲੇ ਸੰਗੀਤਕਾਰ ਏ.ਆਰ. ਰਹਿਮਾਨ ਦੇ ਨਾਂ ‘ਤੇ ਕੈਨੇਡਾ ਦੇ ਮਾਰਖਮ ਸ਼ਹਿਰ ਦੀ ਗਲੀ ਦਾ ਨਾਂ ਰੱਖਿਆ ਗਿਆ ਹੈ। ਇਸ ‘ਤੇ ਸੰਗੀਤਕਾਰ ਰਹਿਮਾਨ ਨੇ ਕਿਹਾ ਕਿ ਇਹ ਅਜਿਹਾ ਸਨਮਾਨ ਮਿਲਿਆ ਹੈ ਜਿਸ ਦੀ ਉਨ੍ਹਾਂ ਨੇ ਕਦੇ ਕਲਪਨਾ ਵੀ ਨਹੀਂ ਕੀਤੀ ਸੀ। ਰਹਿਮਾਨ ਨੇ ਟਵੀਟ ਰਾਹੀਂ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਇਸ ਲਈ ਮੇਅਰ ਅਤੇ ਕੌਂਸਲੇਟ ਜਨਰਲ ਅਪੂਰਵਾ ਸ਼੍ਰੀਵਾਸਤਵ ਦਾ ਧੰਨਵਾਦ ਵੀ ਕੀਤਾ ਹੈ। ਰਹਿਮਾਨ ਨੇ ਲਿਖਿਆ, ‘ਮੈਂ ਆਪਣੀ ਜ਼ਿੰਦਗੀ ‘ਚ ਇਸ ਦੀ ਕਦੇ ਕਲਪਨਾ ਵੀ ਨਹੀਂ ਕੀਤੀ ਸੀ। ਮੈਂ ਮਾਰਖਮ ਦੇ ਮੇਅਰ ਫਰੈਂਕ ਸਕਾਰਪਿਟੀ, ਭਾਰਤੀ ਕੌਂਸਲੇਟ ਜਨਰਲ ਅਪੂਰਵਾ ਸ਼੍ਰੀਵਾਸਤਵ ਅਤੇ ਕੈਨੇਡਾ ਦੇ ਲੋਕਾਂ ਦਾ ਧੰਨਵਾਦੀ ਹਾਂ। ਏ.ਆਰ. ਰਹਿਮਾਨ ਸਿਰਫ਼ ਮੇਰਾ ਨਾਮ ਨਹੀਂ ਹੈ। ਇਸ ਦਾ ਅਰਥ ਹੈ ਦਿਆਲੂ। ਦਇਆਵਾਨ ਹੋਣਾ ਉਸ ਪ੍ਰਮਾਤਮਾ ਦਾ ਗੁਣ ਹੈ, ਜਿਸ ਦੀ ਅਸੀਂ ਸਾਰੇ ਪੂਜਾ ਕਰਦੇ ਹਾਂ। ਇਸ ਲਈ ਮੈਂ ਉਮੀਦ ਕਰਦਾ ਹਾਂ ਕਿ ਇਹ ਨਾਮ ਕੈਨੇਡੀਅਨ ਲੋਕਾਂ ਲਈ ਸ਼ਾਂਤੀ, ਖੁਸ਼ਹਾਲੀ ਅਤੇ ਸਿਹਤ ਲਿਆਵੇਗਾ। ਰੱਬ ਤੁਹਾਡੀ ਸਭ ਦੀ ਰੱਖਿਆ ਕਰੇ।’ ਰਹਿਮਾਨ ਨੇ ਅੱਗੇ ਕਿਹਾ ਕਿ, ‘ਮੈਂ ਇੰਡੀਆ ‘ਚ ਵੀ ਆਪਣੇ ਸਾਰੇ ਭੈਣਾਂ-ਭਰਾਵਾਂ ਦਾ ਵੀ ਧੰਨਵਾਦ ਕਰਨਾ ਚਾਹਾਂਗਾ ਜਿਨ੍ਹਾਂ ਨੇ ਇੰਨਾ ਪਿਆਰ ਦਿੱਤਾ ਹੈ। ਉਹ ਸਾਰੇ ਰਚਨਾਤਮਕ ਲੋਕ, ਜਿਨ੍ਹਾਂ ਨੇ ਮੇਰੇ ਨਾਲ ਕੰਮ ਕੀਤਾ ਹੈ, ਜਿਨ੍ਹਾਂ ਨੇ ਮੈਨੂੰ ਅੱਗੇ ਵਧਣ ਅਤੇ ਸਿਨੇਮਾ ਦੇ 100 ਸਾਲ ਪੂਰੇ ਹੋਣ ਦਾ ਜਸ਼ਨ ਮਨਾਉਣ ਲਈ ਪ੍ਰੇਰਿਤ ਕੀਤਾ। ਮੈਂ ਇਸ ਮਹਾਸਾਗਰ ‘ਚ ਇਕ ਛੋਟੀ ਜਿਹੀ ਬੂੰਦ ਹਾਂ। ਮੈਨੂੰ ਲੱਗਦਾ ਹੈ ਕਿ ਇਸ ਤੋਂ ਜ਼ਿਆਦਾ ਕੰਮ ਕਰਨ ਲਈ ਮੇਰੀਆਂ ਜ਼ਿੰਮੇਵਾਰੀਆਂ ਵਧ ਗਈਆਂ ਹਨ ਅਤੇ ਮੈਨੂੰ ਪ੍ਰੇਰਿਤ ਵੀ ਕਰਨਾ ਹੋਵੇਗਾ, ਨਾ ਥੱਕਨਾ ਨਾ ਰੁਕਣਾ। ਫਿਰ ਵੀ, ਜੇਕਰ ਮੈਂ ਥੱਕ ਜਾਂਦਾ ਹਾਂ ਤਾਂ ਮੈਨੂੰ ਯਾਦ ਹੋਵੇਗਾ ਕਿ ਮੈਂ ਬਹੁਤ ਕੁਝ ਕਰਨਾ ਹੈ, ਹੋਰ ਲੋਕਾਂ ਨਾਲ ਜੁੜਨਾ ਹੈ ਅਤੇ ਹੋਰ ਪੁਲਾਂ ਨੂੰ ਪਾਰ ਕਰਨਾ ਹੈ।’ ਰਹਿਮਾਨ ਨੇ ਇਸ ਇਵੈਂਟ ਦੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ ਜਿਸ ‘ਚ ਉਹ ਮੇਅਰ ਨਾਲ ਨਜ਼ਰ ਆ ਰਹੇ ਹਨ।