ਇੰਡੀਆ ਦੀ ਦੋ ਵਾਰ ਦੀ ਓਲੰਪਿਕ ਤਗ਼ਮਾ ਜੇਤੂ ਪੀ.ਵੀ. ਸਿੰਧੂ, ਪੰਜ ਵਾਰ ਦੀ ਵਿਸ਼ਵ ਚੈਂਪੀਅਨ ਮੁੱਕੇਬਾਜ਼ ਐੱਮ.ਸੀ. ਮੈਰੀਕੌਮ ਅਤੇ ਓਲੰਪੀਅਨ ਸ਼ਿਵਾ ਕੇਸ਼ਵਨ ਆਈ.ਓ.ਏ. ਅਥਲੀਟ ਕਮਿਸ਼ਨ ਦੀਆਂ ਚੋਣਾਂ ‘ਚ ਬਿਨਾਂ ਮੁਕਾਬਲਾ ਮੈਂਬਰ ਚੁਣੇ ਗਏ ਹਨ। ਕਮਿਸ਼ਨ ‘ਚ ਚੁਣੇ ਗਏ 10 ਖਿਡਾਰੀਆਂ ‘ਚ ਟੋਕੀਓ ਓਲੰਪਿਕ ‘ਚ ਚਾਂਦੀ ਦਾ ਤਗ਼ਮਾ ਜੇਤੂ ਵੇਟਲਿਫਟਰ ਮੀਰਾਬਾਈ ਚਾਨੂ, 2012 ਦੇ ਓਲੰਪਿਕ ‘ਚ ਕਾਂਸੇ ਦਾ ਤਗ਼ਮਾ ਜੇਤੂ ਗਗਨ ਨਾਰੰਗ, ਟੇਬਲ ਟੈਨਿਸ ਖਿਡਾਰੀ ਅਚੰਤਾ ਸ਼ਰਤ ਕਮਲ, ਹਾਕੀ ਖਿਡਾਰਨ ਰਾਣੀ ਰਾਮਪਾਲ, ਤਲਵਾਰਬਾਜ਼ ਭਵਾਨੀ ਦੇਵੀ, ਰੋਵਰ ਬਜਰੰਗ ਲਾਲ ਅਤੇ ਸਾਬਕਾ ਸ਼ਾਟਪੁਟ ਖਿਡਾਰੀ ਓ.ਪੀ. ਕਰਹਾਨਾ ਵੀ ਸ਼ਾਮਲ ਹਨ। ਦਸ ਖਿਡਾਰੀਆਂ ‘ਚੋਂ ਪੰਜ ਔਰਤਾਂ ਹਨ ਅਤੇ ਇਹ ਸਾਰੀਆਂ ਓਲੰਪੀਅਨ ਹਨ। ਸਿਰਫ ਕੇਸ਼ਵਨ ਹੀ ਵਿੰਟਰ ਓਲੰਪੀਅਨ ਹੈ। ਜਾਣਕਾਰੀ ਅਨੁਸਾਰ ਸਿਰਫ਼ ਦਸ ਖਿਡਾਰੀਆਂ ਨੇ ਨਾਮਜ਼ਦਗੀਆਂ ਦਾਖ਼ਲ ਕੀਤੀਆਂ ਸਨ ਅਤੇ ਆਈ.ਓ.ਏ. ਚੋਣਾਂ ਦੇ ਰਿਟਰਨਿੰਗ ਅਫ਼ਸਰ ਉਮੇਸ਼ ਸਿਨਹਾ ਨੇ ਇਨ੍ਹਾਂ ਸਾਰਿਆਂ ਨੂੰ ਬਿਨਾਂ ਮੁਕਾਬਲਾ ਜੇਤੂ ਐਲਾਨਿਆ। ਨਿਸ਼ਾਨੇਬਾਜ਼ ਅਭਿਨਵ ਬਿੰਦਰਾ ਅਤੇ ਸਾਬਕਾ ਹਾਕੀ ਕਪਤਾਨ ਸਰਦਾਰ ਸਿੰਘ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਅਤੇ ਏਸ਼ੀਆ ਓਲੰਪਿਕ ਕੌਂਸਲ ਦੇ ਮੈਂਬਰ ਵਜੋਂ ਕਮਿਸ਼ਨ ‘ਚ ਸ਼ਾਮਲ ਹੋਣਗੇ। ਦੋਵਾਂ ਨੂੰ ਵੋਟ ਪਾਉਣ ਦਾ ਅਧਿਕਾਰ ਹੋਵੇਗਾ।