ਮਜੀਠਾ ਦੇ ਪਿੰਡ ਗਾਲੋਵਾਲੀ ਕੁੱਲੀਆਂ ’ਚ ਮਾਮੂਲੀ ਤਕਰਾਰ ਕਾਰਨ ਮੌਜੂਦਾ ਸਰਪੰਚ ਤੇ ਉਸਦੇ ਸਾਥੀਆਂ ਨੇ ਤੇਜ਼ਧਾਰ ਹਥਿਆਰ ਨਾਲ ਨੌਜਵਾਨ ਦਾ ਗਲ਼ਾ ਵੱਢ ਦਿੱਤਾ। ਪਿੰਡ ’ਚ ਜਨਮ ਦਿਨ ਦੀ ਪਾਰਟੀ ਤੋਂ ਆ ਰਹੇ ਪਵਨਜੀਤ ਸਿੰਘ ’ਤੇ ਅਜੈ, ਸੂਰਜ, ਸੰਜੇ ਅਤੇ ਸਰਪੰਚ ਦੀਪਕ ਵਿਚਕਾਰ ਵਿਚਕਾਰ ਤਕਰਾਰ ਹੋ ਗਿਆ ਅਤੇ ਅਜੇ ’ਤੇ ਉਸ ਦੇ ਸਾਥੀਆਂ ਨੇ ਪਵਨਜੀਤ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ। ਪਵਨਜੀਤ ਦੇ ਭਰਾ ਕਰਨਜੀਤ ਸਿੰਘ ਥਾਣਾ ਮਜੀਠਾ ਵਿਖੇ ਬਿਆਨ ਦਰਜ ਕਰਾਉਂਦਿਆਂ ਦੱਸਿਆ ਕਿ ਪਿੰਡ ’ਚ ਹੀ ਕਰਨ ਦੀ ਲਡ਼ਕੀ ਦੇ ਜਨਮ ਦਿਨ ਦੀ ਪਾਰਟੀ ਸੀ, ਜਿਸ ’ਚ ਉਸ ਦਾ ਵੱਡਾ ਭਰਾ ਅੰਮ੍ਰਿਤਪਾਲ ਸਿੰਘ ਵੀ ਗਿਆ ਸੀ। ਰਾਤ ਕਰੀਬ 9 ਵਜੇ ਉਹ, ਛੋਟਾ ਭਰਾ ਪਵਨਜੀਤ ਸਿੰਘ ਤੇ ਪਿਤਾ ਹਰਜੀਤ ਸਿੰਘ ਉਸ ਨੂੰ ਲੈਣ ਗਏ। ਉਨ੍ਹਾਂ ਵੇਖਿਆ ਕਿ ਅਜੈ, ਸੂਰਜ, ਸੰਜੈ ਅਤੇ ਦੀਪਕ ਅੰਮ੍ਰਿਤਪਾਲ ਸਿੰਘ ਨਾਲ ਕਿਸੇ ਗੱਲ ’ਤੇ ਬਹਿਸ ਕਰ ਰਹੇ ਸਨ। ਇਨ੍ਹਾਂ ਨੂੰ ਬਹਿਸਬਾਜ਼ੀ ਕਰਨ ਤੋ ਰੋਕਿਆਂ ਤਾਂ ਦੀਪਕ ਸਰਪੰਚ ਨੇ ਲਲਕਾਰਾ ਮਾਰਿਆ ਤੇ ਅਜੈ ਅਤੇ ਸੂਰਜ ਨੇ ਪਵਨਜੀਤ ਸਿੰਘ ਨੂੰ ਬਾਹਾਂ ਤੋਂ ਫਡ਼ ਲਿਆ ਤੇ ਸੰਜੇ ਨੇ ਆਪਣੀ ਦਾਤਰ ਨਾਲ ਵਾਰ ਕਰਕੇ ਪਵਨਜੀਤ ਸਿੰਘ ਦੀ ਗੰਭੀਰ ਜ਼ਖ਼ਮੀ ਕਰ ਦਿੱਤਾ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲੀਸ ਵਲੋਂ ਮੁਲਜ਼ਮਾਂ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ।