ਇਕ ਭਾਰਤੀ ਮੂਲ ਦੇ 49 ਸਾਲਾ ਵਿਅਕਤੀ ਨੂੰ ਆਪਣੇ ਮਾਤਾ-ਪਿਤਾ ‘ਤੇ ਜ਼ਬਰਦਸਤੀ ਕਰਨ ਅਤੇ ਉਨ੍ਹਾਂ ਨੂੰ ਭਾਵਨਾਤਮਕ ਤੌਰ ‘ਤੇ ਬਲੈਕਮੇਲ ਕਰਨ ਦੇ ਦੋਸ਼ ‘ਚ ਬ੍ਰਿਟੇਨ ‘ਚ ਜ਼ੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਬਰਮਿੰਘਮ ਲਾਈਵ ਨੇ ਦੱਸਿਆ ਕਿ ਦੋਸ਼ੀ ਨੂੰ ਨਸ਼ੇ ਕਰਨ ਦੀ ਆਦਤ ਸੀ, ਜਿਸ ਲਈ ਉਹ ਹਮੇਸ਼ਾ ਆਪਣੇ ਮਾਤਾ-ਪਿਤਾ ਤੋਂ ਪੈਸਿਆਂ ਦੀ ਮੰਗ ਕਰਦਾ ਸੀ। ਇਸ ਕਾਰਨ ਮਾਤਾ-ਪਿਤਾ ਆਪਣੇ ਬੇਟੇ ਦੇ ਬੇਰਹਿਮ ਵਤੀਰੇ ਤੋਂ ਅਪਮਾਨਿਤ ਅਤੇ ਨਿਰਾਸ਼ ਮਹਿਸੂਸ ਕਰਦੇ ਸਨ। ਵੁਲਵਰਹੈਂਪਟਨ ਕਰਾਊਨ ਕੋਰਟ ਨੇ 27 ਮਾਰਚ ਨੂੰ ਮਾਮਲੇ ਦੀ ਸੁਣਵਾਈ ਕੀਤੀ। ਸੁਣਵਾਈ ਦੌਰਾਨ ਅਦਾਲਤ ਨੂੰ ਦੱਸਿਆ ਗਿਆ ਕਿ ਦੋਸ਼ੀ ਦੇਵਨ ਪਟੇਲ ਆਪਣੇ ਮਾਪਿਆਂ ਨੂੰ ਦਿਨ ‘ਚ 10 ਵਾਰ ਨਸ਼ੇ ਲਈ ਪੈਸਿਆਂ ਲਈ ਫ਼ੋਨ ਕਰਦਾ ਸੀ ਅਤੇ ਜੇ ਉਹ ਫ਼ੋਨ ਦਾ ਜਵਾਬ ਨਹੀਂ ਦਿੰਦੇ ਤਾਂ ਉਹ ਉਨ੍ਹਾਂ ਦੇ ਘਰ ਪਹੁੰਚ ਜਾਂਦਾ ਸੀ। ਸਜ਼ਾ ਸੁਣਾਉਂਦੇ ਹੋਏ ਜੱਜ ਜੌਨ ਬਟਰਫੀਲਡ ਕੇਸੀ ਨੇ ਕਿਹਾ ਕਿ ਪਟੇਲ ਨੇ ਨਸ਼ੇ ਲਈ ਪੈਸੇ ਦੀ ਮੰਗ ਕਰਕੇ ਆਪਣੇ ਮਾਪਿਆਂ ਨੂੰ ਕਾਫੀ ਹੱਦ ਤੱਕ ਪਰੇਸ਼ਾਨ ਕੀਤਾ ਸੀ। ਇਥੋਂ ਤੱਕ ਕਿ 2009 ਅਤੇ 2013 ‘ਚ ਉਸ ਦੇ ਮਾਪਿਆਂ ਨੂੰ ਉਸ ਤੋਂ ਬਚਾਉਣ ਦੇ ਹੁਕਮ ਵੀ ਜਾਰੀ ਕੀਤੇ ਗਏ ਸਨ। ਸਰਕਾਰੀ ਵਕੀਲ ਸਾਰਾਹ ਏਲਨ ਨੇ ਕਿਹਾ ਕਿ ਪਟੇਲ ਨੇ ਤਿੰਨ ਵਾਰ ਹੁਕਮ ਦੀ ਉਲੰਘਣਾ ਕੀਤੀ ਸੀ ਅਤੇ ਉਹ ਬਿਲਸਟਨ, ਵੁਲਵਰਹੈਂਪਟਨ ‘ਚ ਉਸਦੇ ਘਰ ਆਇਆ ਸੀ। ਫਿਰ ਉਸ ਨੇ ਘਰ ਨੂੰ ਉਦੋਂ ਤੱਕ ਤੋੜਿਆ ਜਦੋਂ ਤੱਕ ਉਸ ਦੇ ਮਾਪਿਆਂ ਨੇ ਉਸ ਨੂੰ ਪੌਂਡ ਨਹੀਂ ਦਿੱਤੇ। ਸਰਕਾਰੀ ਵਕੀਲ ਐਲਨ ਨੇ ਅਦਾਲਤ ਨੂੰ ਦੱਸਿਆ ਕਿ ਦੇਵਨ ਪਟੇਲ ਨਸ਼ੇ ਦਾ ਆਦੀ ਹੋ ਗਿਆ ਸੀ ਜਿਸ ਕਾਰਨ ਉਸ ਦਾ ਪਰਿਵਾਰ ਸਮਝ ਗਿਆ ਸੀ ਕਿ ਉਹ ਆਪਣੀ ਕੋਈ ਜ਼ਿੰਮੇਵਾਰੀ ਨਿਭਾਉਣ ਵਾਲਾ ਨਹੀਂ ਹੈ। ਪਟੇਲ ਦੇ ਪਰਿਵਾਰ ਨੇ ਫ਼ੈਸਲਾ ਕੀਤਾ ਸੀ ਕਿ ਉਹ ਪੁਲੀਸ ਨੂੰ ਦੱਸਣਗੇ ਕਿ ਉਨ੍ਹਾਂ ਕੋਲ ਕੋਈ ਪੈਸਾ ਨਹੀਂ ਬਚਿਆ ਹੈ, ਜੋ ਉਹ ਪਟੇਲ ਨੂੰ ਦੇ ਸਕਣਗੇ। ਵਰਤਮਾਨ ‘ਚ ਪਟੇਲ ਬੇਈਮਾਨੀ, ਦੁਕਾਨਦਾਰੀ ਤੋਂ ਚੋਰੀ ਦੇ ਕਈ ਦੋਸ਼ਾਂ ਨਾਲ ਕਾਰਡਿਫ ਦੀ ਇਕ ਜੇਲ੍ਹ ‘ਚ ਬੰਦ ਹੈ। ਉਸ ਨੇ ਇਹ ਵੀ ਮੰਨਿਆ ਹੈ ਕਿ ਉਸ ਨੇ 21, 25 ਅਤੇ 27 ਜਨਵਰੀ ਨੂੰ ਰੋਕ ਦੇ ਹੁਕਮਾਂ ਦੀ ਉਲੰਘਣਾ ਕੀਤੀ ਹੈ।