ਨਿਊਯਾਰਕ ਦੇ ਮੈਨਹਟਨ ‘ਚ ਇਕ ਉੱਚੀ ਬਿਲਡਿੰਗ ‘ਚ ਭਿਆਨਕ ਅੱਗ ਲੱਗ ਗਈ। ਇਸ ਘਟਨਾ ‘ਚ 38 ਲੋਕ ਝੁਲਸ ਜਾਣ ਕਾਰਨ ਜ਼ਖਮੀ ਹੋਏ ਹਨ, ਜਿਨ੍ਹਾਂ ‘ਚੋਂ ਕਈਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਬਚਾਅ ਲਈ ਕਈ ਫਾਇਰ ਟੈਂਡਰ ਮੌਕੇ ‘ਤੇ ਮੌਜੂਦ ਸਨ। ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੇ ਗਏ ਇਸ ਘਟਨਾ ਦੇ ਵੀਡੀਓਜ਼ ‘ਚ ਲੋਕ ਅਪਾਰਟਮੈਂਟ ਦੀਆਂ ਖਿੜਕੀਆਂ ਨਾਲ ਲਟਕਦੇ ਦਿਖਾਈ ਦੇ ਰਹੇ ਹਨ ਅਤੇ ਅੱਗ ਬੁਝਾਊ ਕਰਮਚਾਰੀ ਧੂੰਏਂ ਨਾਲ ਭਰੀ ਇਮਾਰਤ ‘ਚੋਂ ਰੱਸੀਆਂ ਖਿੱਚਦੇ ਹੋਏ ਦਿਖਾਈ ਦੇ ਰਹੇ ਹਨ। ਫਾਇਰ ਅਧਿਕਾਰੀਆਂ ਨੇ ਦੱਸਿਆ ਕਿ ਇਮਾਰਤ ਦੀਆਂ ਉਪਰਲੀਆਂ ਮੰਜ਼ਿਲਾਂ ‘ਤੇ ਰਹਿਣ ਵਾਲੇ ਕੁਝ ਲੋਕ ਛੱਤ ਰਾਹੀਂ ਬਾਹਰ ਆ ਗਏ। ਨਿਊਯਾਰਕ ਫਾਇਰ ਡਿਪਾਰਟਮੈਂਟ ਦੀ ਕਮਿਸ਼ਨਰ ਲੌਰਾ ਕੈਵਾਨੌਗ ਨੇ ਕਿਹਾ ਕਿ ਅੱਗ 20ਵੀਂ ਮੰਜ਼ਿਲ ‘ਤੇ ਇਕ ਅਣਪਛਾਤੇ ਯੰਤਰ ‘ਚ ਵਰਤੀ ਗਈ ਲਿਥੀਅਮ ਬੈਟਰੀ ਤੋਂ ਲੱਗੀ। ਅਧਿਕਾਰੀਆਂ ਨੇ ਦੱਸਿਆ ਕਿ ਇਸ ਘਟਨਾ ‘ਚ 38 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ‘ਚੋਂ 2 ਦੀ ਹਾਲਤ ਨਾਜੁਕ ਹੈ ਅਤੇ ਪੰਜ ਦੀ ਹਾਲਤ ਗੰਭੀਰ ਹੈ।