ਮਾਨਸਾ ਜ਼ਿਲ੍ਹੇ ਦੇ ਪਿੰਡ ਭੈਣੀਬਾਘਾ ਦੇ ਬਾਸਕਟਬਾਲ ਖਿਡਾਰੀ ਹਰਜੀਤ ਸਿੰਘ ਦੀ ਨੈਸ਼ਨਲ ਬਾਸਕਟਬਾਲ ਐਸੋਸੀਏਸ਼ਨ ਲਈ ਚੋਣ ਹੋਈ ਹੈ, ਜਿਸ ਤੋਂ ਬਾਅਦ ਉਹ ਅਮਰੀਕਾ ਦੀ ਟੀਮ ’ਚ ਖੇਡੇਗਾ। ਐੱਨ.ਬੀ.ਏ. ਉੱਤਰੀ ਅਮਰੀਕਾ ’ਚ ਬਾਸਕਟਬਾਲ ਦੇ ਵੱਡੇ ਟੂਰਨਾਮੈਂਟ ਕਰਵਾਉਂਦੀ ਹੈ। ਹਰਜੀਤ ਸਿੰਘ ਅੱਠ ਸਾਲਾਂ ਦੀ ਸਿਖਲਾਈ ਹਾਸਲ ਕਰਕੇ ਨੈਸ਼ਨਲ ਬਾਸਕਟਬਾਲ ਐਸੋਸੀਏਸ਼ਨ ਲਈ ਚੁਣਿਆ ਗਿਆ ਹੈ। ਇਸ ਨਾਲ ਪਰਿਵਾਰ ਅਤੇ ਪਿੰਡ ਵਾਸੀਆਂ ’ਚ ਖੁਸ਼ੀ ਦੀ ਲਹਿਰ ਹੈ। ਹਰਜੀਤ ਸਿੰਘ ਨੇ ਕਿਹਾ ਕਿ ਉਹ ਆਪਣੇ ਪਿੰਡ, ਮਾਪਿਆਂ, ਸੀਨੀਅਰ ਖਿਡਾਰੀਆਂ ਅਤੇ ਦੇਸ਼ ਦਾ ਨਾਂ ਰੋਸ਼ਨ ਕਰੇਗਾ। ਹਰਜੀਤ ਸਿੰਘ ਨੇ ਦੱਸਿਆ ਕਿ ਉਸ ਦਾ ਸੁਪਨਾ ਐੱਨ.ਬੀ.ਏ. ਲੀਗ ਖੇਡਣ ਦਾ ਸੀ ਜੋ ਹੁਣ ਪੂਰਾ ਹੋ ਗਿਆ ਹੈ। ਹਰਜੀਤ ਦੇ ਕੋਚ ਰਾਜਿੰਦਰ ਸਿੰਘ ਨੇ ਦੱਸਿਆ ਕਿ ਹਰਜੀਤ ਪਿਛਲੇ 8 ਸਾਲਾਂ ਤੋਂ ਇਥੇ ਅਭਿਆਸ ਕਰ ਰਿਹਾ ਸੀ ਤੇ ਉਸ ਦੇ ਮਾਅਰਕੇ ’ਤੇ ਉਨ੍ਹਾਂ ਨੂੰ ਮਾਣ ਹੈ। ਹਰਜੀਤ ਸਿੰਘ ਦੇ ਪਿਤਾ ਜਗਤਾਰ ਸਿੰਘ ਨੇ ਆਪਣੇ ਪੁੱਤ ਦੀ ਪ੍ਰਾਪਤੀ ’ਤੇ ਖੁਸ਼ੀ ਜ਼ਾਹਿਰ ਕੀਤੀ। ਉਨ੍ਹਾਂ ਕਿਹਾ ਕਿ ਹਰਜੀਤ ਨੇ ਆਪਣੀ ਮਿਹਨਤ ਨਾਲ ਪਹਿਲਾਂ ਪਟਿਆਲਾ ਦਾਖ਼ਲਾ ਲਿਆ ਅਤੇ ਹੁਣ ਇਸ ਦੀ ਚੋਣ ਐੱਨ.ਬੀ.ਏ. ਲਈ ਹੋ ਗਈ ਹੈ।