ਮਨੀਪੁਰ ‘ਚ ਸ਼ੁਰੂ ਹੋਈ ਹਿੰਸਾ ਨੇ ਹੁਣ ਤੱਕ 54 ਤੋਂ ਵਧੇਰੇ ਲੋਕਾਂ ਦੀ ਜਾਨ ਲੈ ਲਈ ਹੈ। ਗੈਰਸਰਕਾਰੀ ਸੂਤਰਾਂ ਦੀ ਮੰਨੀਏ ਤਾਂ ਮੌਤਾਂ ਦਾ ਅੰਕੜਾ ਕਿਤੇ ਵੱਧ ਹੈ। ਹਿੰਸਾ ‘ਚ ਦਰਜਨਾਂ ਮੌਤਾਂ ਤੋਂ ਬਾਅਦ 150 ਤੋਂ ਵਧੇਰੇ ਆਮ ਲੋਕ ਜ਼ਖਮੀ ਵੀ ਹੋਏ ਹਨ। ਇੰਫਾਲ ਘਾਟੀ ‘ਚ ਹਾਲਾਤ ਸ਼ਨਿਚਰਵਾਰ ਨੂੰ ਆਮ ਵਰਗੇ ਹੋ ਗਏ ਅਤੇ ਬਾਜ਼ਾਰ ਮੁੜ ਤੋਂ ਖੁਲ੍ਹ ਗਏ ਜਦਕਿ ਸੜਕਾਂ ‘ਤੇ ਆਵਾਜਾਈ ਸ਼ੁਰੂ ਹੋ ਗਈ। ਜਿਹੜੀਆਂ ਥਾਵਾਂ ‘ਤੇ ਕਰਫਿਊ ਲੱਗਾ ਹੋਇਆ ਹੈ ਉਥੇ ਵੀ ਕੁਝ ਘੰਟੇ ਦੀ ਕਰਫਿਊ ‘ਚ ਢਿੱਲ ਦਿੱਤੀ ਗਈ। ਮਨੀਪੁਰ ‘ਚ ਭਾਰੀ ਗਿਣਤੀ ‘ਚ ਸੁਰੱਖਿਆ ਬਲ ਤਾਇਨਾਤ ਹਨ ਅਤੇ ਸਾਰੀਆਂ ਮੁੱਖ ਸੜਕਾਂ ਤੇ ਇਲਾਕਿਆਂ ‘ਚ ਸੁਰੱਖਿਆ ਬਲਾਂ ਦੀ ਮੌਜੂਦਗੀ ਨਜ਼ਰ ਆ ਰਹੀ ਹੈ। ਇੰਫਾਲ ਏਅਰਪੋਰਟ ‘ਤੇ ਵਿਦਿਆਰਥੀਆਂ ਸਣੇ ਵੱਡੀ ਗਿਣਤੀ ਲੋਕ ਜੁੜੇ ਹੋਏ ਸਨ ਤਾਂ ਜੋ ਗੜਬੜ ਵਾਲੇ ਸੂਬੇ ‘ਚੋਂ ਸੁਰੱਖਿਅਤ ਬਾਹਰ ਨਿਕਲਿਆ ਜਾ ਸਕੇ। ਇਸ ਦੌਰਾਨ ਅਸਾਮ ਰਾਈਫ਼ਲਜ਼ ਦੀ ਟੁੱਕੜੀ ਨੂੰ ਸਾਰੇ ਨਾਗਾ ਵਿਦਿਆਰਥੀਆਂ ਨੂੰ ਐਤਵਾਰ ਨੂੰ ਇੰਫਾਲ ‘ਚੋਂ ਕੱਢਣ ਦੇ ਨਿਰਦੇਸ਼ ਦਿੱਤੇ ਗਏ ਹਨ। ਵੱਖ ਵੱਖ ਸ਼ਰਨਾਰਥੀ ਕੈਂਪਾਂ ‘ਚ ਠਹਿਰੇ ਹੋਏ ਦੰਗਾ ਪੀੜਤਾਂ ਨੇ ਕਿਹਾ ਕਿ ਕਈ ਪਿੰਡਾਂ ਨੂੰ ਅੱਗ ਹਵਾਲੇ ਕਰ ਦਿੱਤਾ ਗਿਆ ਹੈ। ਬਹੁਗਿਣਤੀ ਮੈਤੇਈ ਭਾਈਚਾਰੇ ਨੂੰ ਅਨੁਸੂਚਿਤ ਜਨਜਾਤੀ ਦਾ ਦਰਜਾ ਦਿੱਤੇ ਜਾਣ ਦੇ ਕਦਮ ਦੇ ਵਿਰੋਧ ‘ਚ ਬੁੱਧਵਾਰ ਨੂੰ ਕੁਕੀ ਅਤੇ ਨਾਗਿਆਂ ਸਮੇਤ ਹੋਰ ਆਦਿਵਾਸੀਆਂ ਵੱਲੋਂ ਹਿੰਸਕ ਪ੍ਰਦਰਸ਼ਨ ਕੀਤੇ ਗਏ ਸਨ। ਸੂਬੇ ‘ਚ ਦੰਗੇ ਫੈਲਣ ਮਗਰੋਂ ਫ਼ੌਜ, ਨੀਮ ਫ਼ੌਜੀ ਅਤੇ ਕੇਂਦਰੀ ਹਥਿਆਰਬੰਦ ਬਲਾਂ ਦੇ ਕਰੀਬ 10 ਹਜ਼ਾਰ ਜਵਾਨ ਤਾਇਨਾਤ ਕੀਤੇ ਗਏ ਹਨ। ਅਧਿਕਾਰੀਆਂ ਨੇ ਕਿਹਾ ਕਿ 16 ਲਾਸ਼ਾਂ ਨੂੰ ਚੂਰਾਚਾਂਦਪੁਰ ਜ਼ਿਲ੍ਹਾ ਹਸਪਤਾਲ ਅਤੇ 15 ਨੂੰ ਇੰਫਾਲ ਪੂਰਬੀ ਜ਼ਿਲ੍ਹੇ ਦੇ ਜਵਾਹਰਲਾਲ ਨਹਿਰੂ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ਦੇ ਮੁਰਦਾਘਰ ‘ਚ ਰੱਖਿਆ ਗਿਆ ਹੈ। ਇੰਫਾਲ ਪੱਛਮੀ ਜ਼ਿਲ੍ਹੇ ‘ਚ ਲਾਮਫੇਲ ਦੇ ਰਿਜਨਲ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ‘ਚ 23 ਮੌਤਾਂ ਹੋਈਆਂ ਹਨ। ਪੁਲੀਸ ਨੇ ਕਿਹਾ ਕਿ ਸ਼ੁੱਕਰਵਾਰ ਰਾਤ ਨੂੰ ਚੂਰਾਚਾਂਦਪੁਰ ਜ਼ਿਲ੍ਹੇ ‘ਚ ਦੋ ਵੱਖੋ ਵੱਖਰੇ ਮੁਕਾਬਲਿਆਂ ‘ਚ ਪੰਜ ਦਹਿਸ਼ਤਗਰਦ ਹਲਾਕ ਜਦਕਿ ਇੰਡੀਆ ਰਿਜ਼ਰਵ ਬਟਾਲੀਅਨ ਦੇ ਦੋ ਜਵਾਨ ਜ਼ਖ਼ਮੀ ਹੋਏ ਹਨ। ਰੱਖਿਆ ਤਰਜਮਾਨ ਨੇ ਕਿਹਾ ਕਿ ਕੁੱਲ 13 ਹਜ਼ਾਰ ਲੋਕਾਂ ਨੂੰ ਬਚਾਅ ਕੇ ਸੁਰੱਖਿਅਤ ਟਿਕਾਣਿਆਂ ‘ਤੇ ਪਹੁੰਚਾਇਆ ਗਿਆ ਹੈ।