ਪੰਜਾਬ ਵਿਧਾਨ ਸਭਾ ‘ਚ ਬਜਟ ‘ਤੇ ਬਹਿਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੀਪਲਜ਼ ਪਾਰਟੀ ਆਫ ਪੰਜਾਬ ਦੇ ਪੁਰਾਣੇ ਸਾਥੀ ਮਨਪ੍ਰੀਤ ਸਿੰਘ ਬਾਦਲ ‘ਤੇ ਸਿੱਧਾ ਤੇ ਤਿੱਖਾ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਮਨਪ੍ਰੀਤ ਬਾਦਲ ਸਿਖਲਾਈ ਨੀਲੀ ਪੱਗ ਵਾਲਿਆਂ ਭਾਵ ਸ਼੍ਰੋਮਣੀ ਅਕਾਲੀ ਦਲ ਤੋਂ ਲੈ ਕੇ ਆਏ ਅਤੇ ਫਿਰ ਆਪਣੀ ਪਾਰਟੀ ਪੀ.ਪੀ.ਪੀ. ਬਣਾੲ ਕੇ ਪੀਲੀ ਪੱਗ ਬੰਨ੍ਹੀ। ਫਿਰ ਚਿੱਟੇ ਵਾਲੇ ਬਣ ਕੇ ਭਾਵ ਕਾਂਗਰਸ ‘ਚ ਆ ਗਏ। ਹੁਣ ਭਗਵੇਂ ਹੋ ਗਏ ਹਨ। ਇਸ ਤਰ੍ਹਾਂ ਮਨਪ੍ਰੀਤ ਨੇ ਪਾਰਟੀਆਂ ਕਈ ਬਦਲੀਆਂ ਪਰ ਸ਼ੇਅਰ ਓਹੀ ਨੇ। ਉਹ ਅਕਾਲੀ ਸਰਕਾਰ ਅਤੇ ਕਾਂਗਰਸ ਸਰਕਾਰ ‘ਚ ਰਹਿੰਦੇ ਹੋਏ ਵਿੱਤ ਮੰਤਰੀ ਵਜੋਂ 9 ਬਜਟ ਪੇਸ਼ ਕਰ ਗਏ। ਬਜਟ ‘ਚ ਭਾਰੇ ਸ਼ਬਦਾਂ ਦੀ ਵਰਤੋਂ ਕਰਦੇ ਹੋਏ ਵੱਡੀਆਂ ਗੱਲਾਂ ਕਰਕੇ, ਜਿਹੜੀ ਕਿਸੇ ਨੂੰ ਸਮਝ ਨਹੀਂ ਸੀ ਆਉਂਦੀਆਂ, ਉਹ ਖਜ਼ਾਨਾ ਖਾਲੀ ਹੋਣ ਰੌਲਾ ਪਾਉਂਦੇ ਰਹੇ। ਮੁੱਖ ਮੰਤਰੀ ਭਗਵੰਤ ਮਾਨ ਨੇ ਬਜਟ ‘ਤੇ ਬਹਿਸ ਦੀ ਸਮਾਪਤੀ ਮੌਕੇ ਪਹਿਲੀ ਦਫ਼ਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਿੱਧੇ ਤੌਰ ‘ਤੇ ਨਿਸ਼ਾਨੇ ‘ਤੇ ਲਿਆ। ਉਨ੍ਹਾਂ ਕਿਹਾ, ‘ਅਸੀਂ ਕੇਂਦਰ ਤੋਂ ਭੀਖ ਨਹੀਂ ਬਲਕਿ ਆਪਣਾ ਹੱਕ ਮੰਗਦੇ ਹਾਂ ਪਰ ਭਾਜਪਾ ਵਾਲੇ ਆਖਦੇ ਨੇ ਕਿ ਕੇਂਦਰ ਪੰਜਾਬ ਨੂੰ ਫ਼ੰਡ ਦੇ ਕੇ ਮਦਦ ਕਰਦਾ ਹੈ।’ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਜੀ.ਐੱਸ.ਟੀ. ਇਕੱਠਾ ਕਰਕੇ ਕੇਂਦਰ ਕੋਲ ਜਮ੍ਹਾਂ ਕਰਾਉਂਦਾ ਹੈ ਅਤੇ ਉਸ ‘ਚੋਂ ਆਪਣਾ ਹਿੱਸਾ ਮੰਗਦਾ ਹੈ, ਇਹ ਕੇਂਦਰ ਦਾ ਕੋਈ ਅਹਿਸਾਨ ਨਹੀਂ। ਚੇਤੇ ਰਹੇ ਕਿ ਬਹਿਸ ਦੌਰਾਨ ਭਾਜਪਾ ਵਿਧਾਇਕ ਅਸ਼ਵਨੀ ਸ਼ਰਮਾ ਨੇ ਕਿਹਾ ਸੀ ਕਿ ਪੰਜਾਬ ਸਰਕਾਰ ਕੇਂਦਰ ਦੀ ਨਿੰਦਾ ਵੀ ਕਰ ਰਹੀ ਹੈ ਅਤੇ ਕੇਂਦਰ ਤੋਂ ਫੰਡ ਵੀ ਮੰਗੇ ਜਾ ਰਹੇ ਹਨ। ਸਦਨ ‘ਚ ਬਹਿਸ ਮੌਕੇ ਅੱਜ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਗ਼ੈਰਹਾਜ਼ਰ ਰਹੇ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਖੁੱਲ੍ਹਾ ਹੱਲਾ ਬੋਲਦਿਆਂ ਕਿਹਾ ਕਿ ਜਦੋਂ ਉਹ ਲੋਕਾਂ ਦੇ ਟੈਕਸ ਦੇ ਪੈਸੇ ਨਾਲ ਲੋਕਾਂ ਨੂੰ ਹੀ ਸਹੂਲਤਾਂ ਦਿੰਦੇ ਹਨ ਤਾਂ ‘ਵੱਡੇ ਸਾਹਿਬ’ ਇਸ ਨੂੰ ਰਿਓੜੀ ਵੰਡ ਆਖ ਦਿੰਦੇ ਹਨ। ਉਨ੍ਹਾਂ ਕਿਹਾ ਕਿ ‘ਵੱਡੇ ਸਾਹਿਬ’ ਨੇ ਜਨਤਕ ਅਦਾਰੇ ਵੇਚ ਦਿੱਤੇ ਪਰ ਖ਼ਰੀਦਿਆਂ ਕੁਝ ਮੀਡੀਆ ਹੀ ਹੈ। ਮਾਨ ਨੇ ਕੇਂਦਰ ਵੱਲੋਂ ਵਿਤਕਰੇ ਦੀ ਗੱਲ ਕਰਦਿਆਂ ਕਿਹਾ ਕਿ ਕੇਂਦਰੀ ਬਜਟ ‘ਚੋਂ ਪੰਜਾਬ ਗ਼ਾਇਬ ਸੀ ਅਤੇ ਗਣਤੰਤਰ ਦਿਵਸ ਮੌਕੇ ਪੰਜਾਬ ਦੀ ਝਾਕੀ ਕੱਢ ਦਿੱਤੀ ਗਈ ਜੋ ਪੰਜਾਬੀਆਂ ਦੀ ਕੁਰਬਾਨੀ ਦੀ ਤੌਹੀਨ ਹੈ। ਉਨ੍ਹਾਂ ਨੇ ਅਕਾਲੀ-ਭਾਜਪਾ ਤੇ ਕਾਂਗਰਸ ਦੀਆਂ ਸਰਕਾਰਾਂ ਨੂੰ ਪੰਜਾਬ ਦੀ ਲੁੱਟ ਲਈ ਜ਼ਿੰਮੇਵਾਰ ਦੱਸਿਆ। ਮੁੱਖ ਮੰਤਰੀ ਨੇ ਵਿੱਤ ਮੰਤਰੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਚੀਮਾ ਨੇ ਆਮ ਲੋਕਾਂ ਦੀ ਭਾਸ਼ਾ ‘ਚ ਆਮ ਲੋਕਾਂ ਦਾ ਬਜਟ ਪੇਸ਼ ਕੀਤਾ ਹੈ। ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਨੇ ਬਜਟ ‘ਤੇ ਬੋਲਦਿਆਂ ਸੂਬੇ ‘ਚੋਂ ਹੋ ਰਹੇ ‘ਬਰੇਨ ਡਰੇਨ’ ਦੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਜਿੱਥੇ ਬੱਚੇ ਵਿਦੇਸ਼ ਜਾ ਰਹੇ ਹਨ, ਉਥੇ ਹਰ ਵਰ੍ਹੇ 35 ਹਜ਼ਾਰ ਕਰੋੜ ਦੀ ਪੂੰਜੀ ਵੀ ਜਾ ਰਹੀ ਹੈ। ਉਨ੍ਹਾਂ ਨੇ ਆਈਲੈੱਟਸ ਕੋਚਿੰਗ ਸੈਂਟਰਾਂ ਵਿਚਲੇ ਅਧਿਆਪਕਾਂ ਦਾ ਟੈਸਟ ਲੈਣ ਅਤੇ ਪੰਜਾਬ ਦਾ ਬਾਸਮਤੀ ਦਾ ਆਪਣਾ ਬਰਾਂਡ ਸਥਾਪਤ ਕਰਨ ਦਾ ਮਸ਼ਵਰਾ ਦਿੱਤਾ। ਵਿਧਾਇਕ ਸੁਖਪਾਲ ਖਹਿਰਾ ਨੇ ਸਭ ਦੁੱਖਾਂ ਦੇ ਨਿਵਾਰਨ ਲਈ ਵਾਹਗਾ ਬਾਰਡਰ ਖੋਲ੍ਹੇ ਜਾਣ ਦੀ ਵਕਾਲਤ ਕਰਦਿਆਂ ਮੱਧ ਏਸ਼ੀਆ ਤੱਕ ਜਾਂਦਾ ‘ਸਿਲਕ ਰੂਟ’ ਬਹਾਲ ਕੀਤੇ ਜਾਣ ਗੱਲ ਕੀਤੀ।