ਵਿਸਲਰ ’ਚ ਗੈਂਗਵਾਰ ਕਰਕੇ ਹੋਏ ਕਤਲਾਂ ਸਬੰਧੀ ਪੁਲੀਸ ਨੇ ਕਾਰਵਾਈ ਕੀਤੀ ਹੈ। ਇਸ ਮੌਕੇ ਇਕ ਹੋਟਲ ਦੇ ਬਾਹਰ ਗੋਲੀਆਂ ਮਾਰ ਕੇ ਮਨਿੰਦਰ ਧਾਲੀਵਾਲ ਨੂੰ ਕਤਲ ਕਰ ਦਿੱਤਾ ਗਿਆ ਸੀ। ਇਸੇ ਸਮੇਂ ਸਤਿੰਦਰ ਗਿੱਲ ਦੇ ਵੀ ਗੋਲੀ ਲੱਗੀ ਸੀ ਜਿਸ ਦੀ ਬਾਅਦ ’ਚ ਹਸਪਤਾਲ ’ਚ ਲਿਜਾਣ ਸਮੇਂ ਮੌਤ ਹੋ ਗਈ। ਅਸਲ ’ਚ ਸਤਿੰਦਰ ਗਿੱਲ ਦਾ ਗੈਂਗ ਨਾਲ ਕੋਈ ਸਬੰਧ ਨਹੀਂ ਸੀ ਉਸ ਨੇ ਤਾਂ ਅਸਲ ’ਚ ਹੋਟਲ ’ਚ ਕਮਰੇ ਬੁੱਕ ਕਰਵਾਏ ਸਨ ਤਾਂ ਜੋ ਉਹ ਆਪਣਾ ਜਨਮ ਦਿਨ ਮਨਾ ਸਕੇ। ਉਥੇ ਹੀ ਉਸ ਨੇ ਆਪਣੇ ਜਨਮ ਦਿਨ ਦੀ ਪਾਰਟੀ ’ਚ ਹੋਰਨਾਂ ਦੋਸਤਾਂ ਤੋਂ ਇਲਾਵਾ ਮਨਿੰਦਰ ਧਾਲੀਵਾਲ ਨੂੰ ਸੱਦਿਆ ਸੀ। ਪੁਲੀਸ ਅਨੁਸਾਰ ਹਮਲਾਵਰ ਪਿੱਛਾ ਕਰ ਰਹੇ ਸਨ ਤੇ ਉਨ੍ਹਾਂ ਘਾਟ ਲਾ ਕੇ ਮਨਿੰਦਰ ਧਾਲੀਵਾਲ ਦੇ ਗੋਲੀਆਂ ਮਾਰੀਆਂ ਅਤੇ ਇਸ ਸਮੇਂ ਸਤਿੰਦਰ ਉਰਫ ਸਤ ਗਿੱਲ ਵੀ ਲਪੇਟ ’ਚ ਗਿਆ। ਮਨਿੰਦਰ ਗਿੱਲ ਦਾ ਸਬੰਧ ਪਿੰਡ ਲੋਪੋਂ (ਮੋਗਾ) ਨਾਲ ਸੀ। ਉਹ ਤਿੰਨ ਭਰਾ ਹਨ ਜਿਨ੍ਹਾਂ ’ਚੋਂ ਹਰਬ ਧਾਲੀਵਾਲ ਦੀ ਪਿਛਲੇ ਸਾਲ ਗੈਂਗਵਾਰ ’ਚ ਮੌਤ ਹੋ ਗਈ ਸੀ। ਤੀਜਾ ਭਰਾ ਬਰਿੰਦਰ ਗਿੱਲ ਕੈਨੇਡਾ ’ਚ ਹੀ ਰਹਿੰਦਾ ਹੈ। ਹਰਬ ਤੇ ਮਨਿੰਦਰ ਦਾ ਸਬੰਧ ਬ੍ਰਦਰਜ਼ ਕੀਪਰ ਗੈਂਗ ਨਾਲ ਦੱਸਿਆ ਜਾਂਦਾ ਹੈ। ਵਿਸਲਰ ਪੁਲੀਸ ਨੇ ਮਨਿੰਦਰ ਧਾਲੀਵਾਲ ਦੀ ਹੱਤਿਆ ਦੇ ਮਾਮਲੇ ’ਚ 24 ਸਾਲਾ ਗੁਰਸਿਮਰਨ ਸਹੋਤਾ ਅਤੇ 20 ਸਾਲਾ ਤਨਵੀਰ ਖੱਖ ਸਮੇਤ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਸਰੀ ਦੇ ਰਹਿਣ ਵਾਲੇ ਗੁਰਸਿਮਰਨ ਸਹੋਤਾ ਅਤੇ ਤਨਵੀਰ ਖੱਖ ’ਤੇ ਕਤਲ ਦੇ ਦੋਸ਼ ਲਾਏ ਹਨ। ਖੱਖ ਅਤੇ ਸਹੋਤਾ ਸਮੇਤ ਤਿੰਨ ਹੋਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਦੀ ਸ਼ਮੂਲੀਅਤ ਬਾਰੇ ਜਾਂਚ ਕੀਤੀ ਜਾ ਰਹੀ ਹੈ।