ਪਿਛਲੇ ਦਿਨੀਂ ਨਿਊਯਾਰਕ ‘ਚ ਖੁਦਕੁਸ਼ੀ ਕਰਨ ਵਾਲੀ ਮਨਦੀਪ ਕੌਰ, ਜਿਸ ਨੇ ਮਰਨ ਤੋਂ ਪਹਿਲਾਂ ਪਤੀ ਦੇ ਤਸੀਹੇ ਦੇਣ ਨੂੰ ਬਿਆਨ ਕਰਨ ਵਾਲੀ ਵੀਡੀਓ ਪਾਈ ਸੀ, ਮਾਮਲੇ ‘ਚ ਦਿੱਲੀ ਮਹਿਲਾ ਕਮਿਸ਼ਨ ਨੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੂੰ ਪੱਤਰ ਲਿਖ ਕੇ ਮਨਦੀਪ ਕੌਰ ਖ਼ੁਦਕੁਸ਼ੀ ਕੇਸ ‘ਚ ਵਿਦੇਸ਼ ਮੰਤਰਾਲੇ ਦਾ ਤੁਰੰਤ ਦਖ਼ਲ ਮੰਗਿਆ ਹੈ। ਮਨਦੀਪ ਨੇ ਕਥਿਤ ਤੌਰ ‘ਤੇ ਘਰੇਲੂ ਹਿੰਸਾ ਤੋਂ ਤੰਗ ਆ ਕੇ ਨਿਊਯਾਰਕ ‘ਚ ਖ਼ੁਦਕੁਸ਼ੀ ਕਰ ਲਈ ਸੀ। ਆਪਣੇ ਪੱਤਰ ‘ਚ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਮੰਗ ਕੀਤੀ ਹੈ ਕਿ ਮਨਦੀਪ ਦੀਆਂ ਅਸਥੀਆਂ ਇੰਡੀਆ ਲਿਆਂਦੀਆਂ ਜਾਣ ਤੇ ਪਰਿਵਾਰ ਨੂੰ ਸੌਂਪੀਆਂ ਜਾਣ। ਇਸ ਤੋਂ ਇਲਾਵਾ ਉਨ੍ਹਾਂ ਮੰਗ ਕੀਤੀ ਹੈ ਕਿ ਔਰਤ ਦੇ ਬੱਚਿਆਂ ਦੀ ਸਥਿਤੀ ਜਾਣਨ ਲਈ ਮਨੋਵਿਗਿਆਨੀਆਂ ਤੇ ਪੁਲੀਸ ਅਧਿਕਾਰੀਆਂ ਦੀ ਮਦਦ ਲਈ ਜਾਵੇ। ਇਸ ਮਾਮਲੇ ‘ਚ ਮੁਲਜ਼ਮ ਨੂੰ ਨਿਊਯਾਰਕ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਜਾਣ ਦੀ ਵੀ ਸੂਚਨਾ ਹੈ। ਮਾਲੀਵਾਲ ਨੇ ਕਿਹਾ ਕਿ ਇੰਡੀਆ ਸਰਕਾਰ ਨੂੰ ਪਰਿਵਾਰ ਵੱਲੋਂ ਇਕ ਵਕੀਲ ਦੀ ਨਿਯੁਕਤੀ ਕਰਨੀ ਚਾਹੀਦੀ ਹੈ ਤਾਂ ਕਿ ਕੇਸ ਤੇਜ਼ੀ ਨਾਲ ਲੜਿਆ ਜਾ ਸਕੇ। ਯਾਦ ਰਹੇ ਕਿ ਮਨਦੀਪ ਕੌਰ ਦਾ ਪਰਿਵਾਰ ਬਾਜਪੁਰ (ਯੂ.ਪੀ.) ਵਿੱਚ ਰਹਿੰਦਾ ਹੈ ਅਤੇ ਉਸ ਦਾ ਵਿਆਹ ਨਿਊਯਾਰਕ ‘ਚ ਹੋਇਆ ਸੀ ਤੇ ਉਹ ਦੋ ਲੜਕੀਆਂ ਦੀ ਮਾਂ ਸੀ।