ਮੋਗਾ ਜ਼ਿਲ੍ਹੇ ਦੇ ਪਿੰਡ ਮੀਨੀਆਂ ਨਾਲ ਸਬੰਧਤ ਰਾਕੇਟ ਵਿਗਿਆਨੀ ਹਰਜੀਤ ਸਿੰਘ, ਜੋ ਕਿ ਭਾਰਤੀ ਪੁਲਾਡ਼ ਖੋਜ ਸੰਸਥਾ (ਇਸਰੋ) ’ਚ ਤਾਇਨਾਤ ਹੈ, ਦੇ ਨਾਂ ’ਤੇ ਭਾਰਤ ਸਰਕਾਰ ਨੇ ਡਾਕ ਟਿਕਟ ਜਾਰੀ ਕੀਤਾ ਹੈ। ਇਹ ਡਾਕ ਟਿਕਟ ਇਸਰੋ ਨੇ ਸਰਕਾਰ ਕੋਲੋਂ ਜਾਰੀ ਕਰਵਾਇਆ ਹੈ। ਜ਼ਿਕਰਯੋਗ ਹੈ ਕਿ ਹਰਜੀਤ ਸਿੰਘ ਭਾਰਤੀ ਪੁਲਾਡ਼ ਖੋਜ ਸੰਸਥਾ (ਇਸਰੋ) ’ਚ ਸਾਲ 2007 ਤੋਂ ਬਤੌਰ ਰਾਕੇਟ ਵਿਗਿਆਨੀ ਖੋਜ ਕਾਰਜ ਕਰ ਰਿਹਾ ਹੈ। ਇਸਰੋ ਨੇ ਉਸ ਨੂੰ ਸਾਲ 2017 ਵਿੱਚ ‘ਟੀਮ ਐਕਸੀਲੈਂਸ’ ਐਵਾਰਡ ਦਿੱਤਾ ਸੀ। ਇਸ ਤੋਂ ਇਲਾਵਾ ਵਿਗਿਆਨ ਦੇ ਖੇਤਰ ’ਚ ਅਹਿਮ ਪ੍ਰਾਪਤੀਆਂ ਬਦਲੇ 2018 ਦਾ ‘ਯੰਗ ਸਾਇੰਟਿਸਟ’ ਐਵਾਰਡ ਵੀ ਉਸ ਦੀ ਝੋਲੀ ਪਿਆ ਸੀ। ਹੁਣ ਹਰਜੀਤ ਸਿੰਘ ਦੀ ਫੋਟੋ ਵਾਲਾ ਪੰਜ ਰੁਪਏ ਵਾਲਾ ਡਾਕ ਟਿਕਟ ਜਾਰੀ ਕੀਤਾ ਗਿਆ ਹੈ। ਇਸ ਸਨਮਾਨ ਨੂੰ ਪ੍ਰਾਪਤ ਕਰਨ ਪਿੱਛੋਂ ਹਰਜੀਤ ਸਿੰਘ ਨੇ ਦੱਸਿਆ ਕਿ ਉਹ ਸਨਮਾਨ ਮਿਲਣ ਤੋਂ ਬਾਅਦ ਹੋਰ ਮਿਹਨਤ ਕਰੇਗਾ। ਹਰਜੀਤ ਸਿੰਘ ਦੇ ਪਿਤਾ ਸੁਰਿੰਦਰ ਸਿੰਘ ਮੀਨੀਆਂ ਤੇ ਮਾਤਾ ਗੁਰਸ਼ਰਨ ਕੌਰ ਨੇ ਆਪਣੇ ਲਡ਼ਕੇ ਦੀ ਪ੍ਰਾਪਤੀ ’ਤੇ ਮਾਣ ਮਹਿਸੂਸ ਕਰਦਿਆਂ ਕਿਹਾ ਕਿ ਉਹ ਵਿਗਿਆਨ ਦੇ ਖੇਤਰ ’ਚ ਹੋਰ ਮੱਲਾਂ ਮਾਰੇਗਾ। ਮੂਲ ਰੂਪ ’ਚ ਮੀਨੀਆਂ ਨਾਲ ਸਬੰਧਤ ਇਹ ਪਰਿਵਾਰ ਹੁਣ ਮੋਗਾ ਵਿਖੇ ਰਹਿੰਦਾ ਹੈ।