ਨੋਵਾਕ ਜੋਕੋਵਿਚ ਨੇ ਮੈਚ ਦੇ ਦੌਰਾਨ ਪੈਰ ‘ਚ ਸੱਟ ਦੇ ਬਾਵਜੂਦ ਦਾਨਿਲ ਮੇਦਵੇਦੇਵ ਨੂੰ 6-3, 6-4 ਨਾਲ ਹਰਾਕੇ ਐਡੀਲੇਡ ਇੰਟਰਨੈਸ਼ਨਲ ਸਿੰਗਲਜ਼ ਫਾਈਨਲ ‘ਚ ਥਾਂ ਬਣਾ ਲਈ। ਮੈਚ ਦੇ ਪਹਿਲੇ ਸੈੱਟ ਦੀ ਸੱਤਵੀਂ ਗੇਮ ਦੌਰਾਨ ਜੋਕੋਵਿਚ ਨੂੰ ਖੱਬੀ ਲੱਤ ‘ਚ ਸੱਟ ਲੱਗ ਗਈ ਸੀ। ਉਸਨੇ ਮੈਡੀਕਲ ਟਾਈਮਆਊਟ ਵੀ ਲਿਆ। ਹੁਣ ਉਸ ਦਾ ਸਾਹਮਣਾ ਸੇਬੇਸਟਿਅਨ ਕੋਰਡਾ ਨਾਲ ਹੋਵੇਗਾ ਜਿਸ ਨੂੰ ਉਸ ਦੇ ਵਿਰੋਧੀ ਯੋਸ਼ੀਹਿਤੋ ਨਿਸ਼ੀਓਕਾ ਦੇ ਸੱਟ ਨਾਲ ਕੋਰਟ ਛੱਡਣ ਤੋਂ ਬਾਅਦ ਫਾਈਨਲ ‘ਚ ਜਗ੍ਹਾ ਮਿਲੀ ਸੀ। ਉਸ ਸਮੇਂ ਕੋਰਡਾ 7-6, 1-0 ਤੋਂ ਅੱਗੇ ਸਨ। ਮਹਿਲਾ ਵਰਗ ‘ਚ ਵਰਲਡ ਦੀ ਪੰਜਵੇਂ ਨੰਬਰ ਦੀ ਖਿਡਾਰਨ ਅਰਿਨਾ ਸਬਾਲੇਂਕਾ ਨੇ ਇਰੀਨਾ ਕੈਮੇਲੀਆ ਬੇਗੂ ਨੂੰ 6-3, 6-2 ਨਾਲ ਹਰਾ ਕੇ ਫਾਈਨਲ ‘ਚ ਥਾਂ ਬਣਾਈ। ਹੁਣ ਉਸ ਦਾ ਸਾਹਮਣਾ ਨੌਜਵਾਨ ਕੁਆਲੀਫਾਇਰ ਲਿੰਡਾ ਨੋਸਕੋਵਾ ਨਾਲ ਹੋਵੇਗਾ ਜਿਸ ਨੇ ਚੋਟੀ ਦਾ ਦਰਜਾ ਪ੍ਰਾਪਤ ਓਨਸ ਜਾਬੋਅਰ ਨੂੰ 6-3, 1-6, 6-3 ਨਾਲ ਹਰਾਇਆ। ਇਸ ਤੋਂ ਪਹਿਲਾਂ ਨੋਵਾਕ ਜੋਕੋਵਿਚ ਨੇ ਡੈਨਿਸ ਸ਼ਾਪੋਵਾਲੋਵ ਨੂੰ 6-3, 6-4 ਨਾਲ ਹਰਾ ਕੇ ਐਡੀਲੇਡ ਇੰਟਰਨੈਸ਼ਨਲ ਟੈਨਿਸ ਟੂਰਨਾਮੈਂਟ ਦੇ ਸੈਮੀਫਾਈਨਲ ‘ਚ ਪ੍ਰਵੇਸ਼ ਕੀਤਾ ਜਿੱਥੇ ਉਸਦਾ ਸਾਹਮਣਾ ਰੂਸ ਦੇ ਡੇਨੀਅਲ ਮੇਦਵੇਦੇਵ ਨਾਲ ਹੋਇਆ ਅਤੇ ਉਸ ਨੂੰ ਹਰਾ ਕੇ ਉਹ ਫਾਈਨਲ ‘ਚ ਪੁੱਜਿਆ।