‘ਆਪ’ ਦੀ ਭਗਵੰਤ ਮਾਨ ਸਰਕਾਰ ਲਈ ਗਲ਼ ਦੀ ਹੱਡੀ ਬਣ ਸਕਦਾ ਹੈ ਮਾਮਲਾ
ਪਿਛਲੀਆਂ ਸਰਕਾਰ ਵੇਲੇ ਵਿਰੋਧ ਕਰਨ ਵਾਲੀ ਆਮ ਆਦਮੀ ਪਾਰਟੀ ਹੁਣ ਸੱਤਾ ਸੰਭਾਲਣ ਤੋਂ ਬਾਅਦ ਮੱਤੇਵਾਡ਼ਾ ਦੇ ਜੰਗਲਾਂ ’ਚ ਸਤਲੁਜ ਕੰਢੇ ਇਕ ਹਜ਼ਾਰ ਏਕਡ਼ ’ਚ ਟੈਕਸਾਈਟਲ ਇੰਡਸਟਰੀ ਪਾਰਕ ਲਾਉਣ ਵੱਲ ਅੱਗੇ ਵਧ ਰਹੀ ਹੈ ਜਿਸ ਦਾ ਵੱਡੀ ਪੱਧਰ ’ਤੇ ਵਿਰੋਧ ਸ਼ੁਰੂ ਹੋ ਗਿਆ ਹੈ। ਅੱਜ ਐਤਵਾਰ ਨੂੰ ਇਸ ਥਾਂ ’ਤੇ ਵੱਡਾ ਇਕੱਠ ਹੋਇਆ ਜਿਸ ਨਾਲ ਇਸ ਮੁੱਦੇ ’ਤੇ ਲੋਕ ਉੱਠਦਾ ਨਜ਼ਰ ਆਇਆ ਅਤੇ ਆਉਣ ਵਾਲੇ ਦਿਨਾਂ ’ਚ ਇਹ ਮੁੱਦਾ ਹੋਰ ਭਖ਼ ਸਕਦਾ ਹੈ ਤੇ ‘ਆਪ’ ਸਰਕਾਰ ਲਈ ਗਲ਼ ਦੀ ਹੱਡੀ ਬਣ ਸਕਦਾ ਹੈ। ਪੰਜਾਬ ਸਰਕਾਰ ਵੱਲੋਂ ਹਲਕਾ ਸਾਹਨੇਵਾਲ ਅਧੀਨ ਪੈਂਦੇ ਮੱਤੇਵਾਡ਼ਾ ਦੇ ਜੰਗਲਾਂ ਅਤੇ ਸਤਲੁਜ ਦਰਿਆ ਕਿਨਾਰੇ 1000 ਏਕਡ਼ ’ਚ ਬਣਾਏ ਜਾ ਰਹੇ ਟੈਕਸਟਾਈਲ ਇੰਡਸਟਰੀ ਪਾਰਕ ਦੇ ਵਿਰੋਧ ’ਚ ਪੰਜਾਬ ਸੰਘਰਸ਼ ਕਮੇਟੀ ਦੇ ਸੱਦੇ ’ਤੇ ਸਿਆਸੀ ਤੇ ਸਮਾਜਸੇਵੀ ਜਥੇਬੰਦੀਆਂ ਦੇ ਨੁਮਾਇੰਦਿਆਂ ਤੋਂ ਇਲਾਵਾ ਹਜ਼ਾਰਾਂ ਦੀ ਗਿਣਤੀ ’ਚ ਵਾਤਾਵਰਣ ਪ੍ਰੇਮੀ ਪੁੱਜੇ, ਜਿਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਇਹ ਪ੍ਰੋਜੈਕਟ ਬੰਦ ਨਾ ਕੀਤਾ ਤਾਂ ਪੱਕਾ ਮੋਰਚਾ ਲਗਾ ਦਿੱਤਾ ਜਾਵੇਗਾ। ਮੱਤੇਵਾਡ਼ਾ ਜੰਗਲਾਂ ਦੇ ਕਿਨਾਰੇ ਪੰਜਾਬ ਸੰਘਰਸ਼ ਕਮੇਟੀ ਦੇ ਨੁਮਾਇੰਦੇ ਕਰਨਲ ਲਖਨਪਾਲ, ਜਸਕੀਰਤ ਸਿੰਘ, ਕਪਿਲ ਅਰੋਡ਼ਾ, ਮਨਪ੍ਰੀਤ ਸਿੰਘ ਬੈਂਸ, ਗੰਗਵੀਰ ਸਿੰਘ ਰਾਠੌਰ, ਮਨਿੰਦਰਜੀਤ ਸਿੰਘ ਬਾਵਾ, ਮਹਿੰਦਰ ਸਿੰਘ ਸੇਖੋਂ ਵੱਲੋਂ ਉਲੀਕੇ ਗਏ ਪ੍ਰੋਗਰਾਮ ’ਚ ਕਾਂਗਰਸ, ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ (ਅ) ਅਤੇ ਹੋਰ ਸਮਾਜਸੇਵੀ ਜਥੇਬੰਦੀਆਂ ਨੇ ਮੰਚ ਤੋਂ ਸੰਬੋਧਨ ਕਰਦਿਆਂ ਇੱਕਜੁਟਤਾ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਮੱਤੇਵਾਡ਼ਾ ਦੇ ਜੰਗਲਾਂ ਅਤੇ ਸਤਲੁਜ ਦਰਿਆ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਇਥੇ ਕਿਸੇ ਵੀ ਹਾਲਤ ’ਚ ਇੰਡਸਟਰੀ ਨਾ ਲੱਗਣ ਦਿੱਤੀ ਜਾਵੇ।
ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵਡ਼ਿੰਗ ਵੀ ਮੱਤੇਵਾਡ਼ਾ ਜੰਗਲਾਂ ਅਤੇ ਸਤਲੁਜ ਦਰਿਆ ਕਿਨਾਰੇ ਲੱਗ ਰਹੇ ਇੰਡਸਟਰੀ ਪਾਰਕ ਦੇ ਵਿਰੋਧ ’ਚ ਪੁੱਜੇ, ਜਿਨ੍ਹਾਂ ਹੱਥਾਂ ’ਚ ਤਖ਼ਤੀਆਂ ਫਡ਼ ਕੇ ਪ੍ਰੋਜੈਕਟ ਦਾ ਵਿਰੋਧ ਕਰਦਿਆਂ ਕਿਹਾ ਕਿ ਵਾਤਾਵਰਣ ਨੂੰ ਬਚਾਉਣ ਲਈ ਇਹ ਉਦਯੋਗਿਕ ਇਕਾਈਆਂ ਇਥੇ ਨਹੀਂ ਲੱਗਣੀਆਂ ਚਾਹੀਦੀਆਂ। ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਬੇਸ਼ੱਕ ਇਹ ਇੰਡਸਟਰੀ ਪਾਰਕ ਪਿਛਲੀ ਕਾਂਗਰਸ ਸਰਕਾਰ ਦੇ ਰਾਜ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਸ ਕੀਤਾ, ਜੋ ਵੱਡੀ ਗ਼ਲਤੀ ਸੀ, ਜਿਸ ’ਤੇ ਉਹ ਮੁਆਫ਼ੀ ਵੀ ਮੰਗਦੇ ਹਨ। ਉਨ੍ਹਾਂ ਇਹ ਕਿਹਾ ਕਿ ਉਸ ਸਮੇਂ ਸਾਡੇ ਵੱਲੋਂ ਕੀਤਾ ਵਿਰੋਧ ਵੀ ਇਸ ਨੂੰ ਰੋਕ ਨਾ ਸਕਿਆ। ਰਾਜਾ ਵਡ਼ਿੰਗ ਨੇ ਕਿਹਾ ਕਿ ਅੱਜ ਉਹ ਪੰਜਾਬ ਐਕਸ਼ਨ ਕਮੇਟੀ ਦੇ ਸੱਦੇ ’ਤੇ ਇਥੇ ਪਹੁੰਚੇ ਹਨ ਅਤੇ ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਮੱਤੇਵਾਡ਼ਾ ਦਾ ਜੰਗਲ ਨਾ ਉਜਾਡ਼ਿਆ ਜਾਵੇ ਅਤੇ ਇਸ ’ਚ ਰਹਿੰਦੇ ਜੀਵ-ਜੰਤੂਆਂ ਦੀ ਰੱਖਿਆ ਲਈ ਉਹ ਇੰਡਸਟਰੀ ਪਾਰਕ ਦਾ ਵਿਰੋਧ ਕਰਦੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਾਤਾਵਰਣ ਪ੍ਰੇਮੀਆਂ ਅਤੇ ਲੋਕਾਂ ਦੀ ਇਸ ਮੰਗ ਨੂੰ ਦੇਖਦੇ ਹੋਏ ਇਹ ਇੰਡਸਟਰੀ ਪਾਰਕ ਦਾ ਪ੍ਰੋਜੈਕਟ ਤੁਰੰਤ ਰੱਦ ਕਰਨ ਦਾ ਐਲਾਨ ਕਰਨ।
ਕਾਂਗਰਸ ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਵੀ ਮੱਤੇਵਾਡ਼ਾ ਜੰਗਲ ਦੇ ਉਜਾਡ਼ੇ ਦੇ ਵਿਰੋਧ ’ਚ ਪੁੱਜੇ, ਜਿੱਥੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਸੂਬੇ ’ਚ ਜੋ ਇੰਡਸਟਰੀਆਂ ਲੱਗ ਰਹੀਆਂ ਹਨ, ਉਨ੍ਹਾਂ ’ਚ ਪੰਜਾਬੀਆਂ ਨੂੰ ਰੁਜ਼ਗਾਰ ਨਹੀਂ ਮਿਲ ਰਿਹਾ, ਜਦਕਿ 90 ਪ੍ਰਤੀਸ਼ਤ ਬਾਹਰਲੇ ਸੂਬਿਆਂ ਤੋਂ ਆ ਰਹੇ ਗ਼ੈਰ-ਪੰਜਾਬੀਆਂ ਨੂੰ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅੱਜ ਸਾਡੇ ਪੰਜਾਬ ਦੇ ਨੌਜਵਾਨ ਰੁਜ਼ਗਾਰ ਲਈ ਬਾਹਰਲੇ ਦੇਸ਼ਾਂ ’ਚ ਜਾ ਰਹੇ ਹਨ ਅਤੇ ਜੇਕਰ ਇਹੋ ਹਾਲਾਤ ਰਹੇ ਤਾਂ ਪੰਜਾਬ ’ਚੋਂ ਪੰਜਾਬੀ ਖ਼ਤਮ ਹੋ ਜਾਣਗੇ ਅਤੇ ਇਥੋਂ ਦੇ ਸੱਭਿਆਚਾਰ ਤੇ ਧਾਰਮਿਕ ਵਿਰਸੇ ਨੂੰ ਵੀ ਖ਼ਤਰਾ ਖਡ਼੍ਹਾ ਹੋ ਜਾਵੇਗਾ। ਖਹਿਰਾ ਨੇ ਕਿਹਾ ਕਿ ਉਹ ਆਉਣ ਵਾਲੇ ਵਿਧਾਨ ਸਭਾ ਸੈਸ਼ਨ ’ਚ ਇਕ ਬਿੱਲ ਲਿਆਉਣਗੇ, ਜਿਸ ਤਰ੍ਹਾਂ ਹਿਮਾਚਲ ’ਚ ਬਾਹਰਲੇ ਸੂਬੇ ਦਾ ਵਿਅਕਤੀ ਜ਼ਮੀਨ ਨਹੀਂ ਖਰੀਦ ਸਕਦਾ, ਉਸ ਤਰ੍ਹਾਂ ਪੰਜਾਬ ’ਚ ਵੀ ਗ਼ੈਰ-ਪੰਜਾਬੀ ਨੂੰ ਜ਼ਮੀਨ ਖਰੀਦਣ ’ਤੇ ਰੋਕ ਲਗਾਵਾਂਗੇ। ਇਸ ਮੌਕੇ ਹਲਕਾ ਸਾਹਨੇਵਾਲ ਦੇ ਇੰਚਾਰਜ ਵਿਕਰਮ ਸਿੰਘ ਬਾਜਵਾ, ਹਲਕਾ ਸਮਰਾਲਾ ਦੇ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ ਨੇ ਵੀ ਇਸ ਇੰਡਸਟਰੀ ਪਾਰਕ ਦਾ ਵਿਰੋਧ ਕੀਤਾ।
ਮੱਤੇਵਾਡ਼ਾ ਦੇ ਜੰਗਲ ਨੇਡ਼ੇ ਰੱਖੇ ਗਏ ਪ੍ਰੋਗਰਾਮ ’ਚ ਸ਼੍ਰੋਮਣੀ ਅਕਾਲੀ ਦਲ ਦਲ (ਅ) ਦੇ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਪੁੱਜੇ, ਜਿਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਾਛੀਵਾਡ਼ਾ ਤੇ ਮੱਤੇਵਾਡ਼ਾ ਦੇ ਜੰਗਲਾਂ ’ਚੋਂ ਹੋ ਕੇ ਅਗਲੇ ਪਡ਼ਾਅ ਵੱਲ ਪੁੱਜੇ ਸਨ, ਜਿਸ ਲਈ ਇਹ ਜੰਗਲ ਸਾਡਾ ਧਾਰਮਿਕ ਵਿਰਸਾ ਹਨ, ਜਿਸ ਨੂੰ ਅਸੀਂ ਉਜਡ਼ਨ ਨਹੀਂ ਦੇਵਾਂਗੇ। ਉਨ੍ਹਾਂ ਕਿਹਾ ਕਿ ਅੱਜ ਜ਼ਰੂਰਤ ਹੈ ਕਿ ਗੁਰਬਾਣੀ ਦੇ ਸਿਧਾਂਤ ’ਤੇ ਚੱਲਦਿਆਂ ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਜੰਗਲ ਅਤੇ ਧਰਤੀ ਦਾ ਪਾਣੀ ਬਚਾਇਆ ਜਾਵੇ ਪਰ ਸਾਡੀਆਂ ਸਰਕਾਰਾਂ ਇਸ ਦੇ ਉਲਟ ਫੈਸਲੇ ਲੈ ਰਹੀਆਂ ਹਨ, ਜਿਸ ਦਾ ਉਹ ਡਟ ਕੇ ਵਿਰੋਧ ਕਰਨਗੇ ਅਤੇ ਇਹ ਮੁੱਦਾ ਉਹ ਲੋਕ ਸਭਾ ਵਿਚ ਵੀ ਉਠਾਉਣਗੇ। ਇੰਡਸਟਰੀ ਪਾਰਕ ਦੇ ਵਿਰੋਧ ਅਤੇ ਮੱਤੇਵਾਡ਼ਾ ਜੰਗਲ ਨੂੰ ਬਚਾਉਣ ਲਈ ਲੱਖਾ ਸਿਧਾਣਾ ਵੀ ਵਿਸ਼ੇਸ਼ ਤੌਰ ’ਤੇ ਪਹੁੰਚੇ, ਜਿਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਵਾਤਾਵਰਣ ਪ੍ਰੇਮੀ ਬਲਬੀਰ ਸਿੰਘ ਸੀਚੇਵਾਲ ਰਾਜ ਸਭਾ ਮੈਂਬਰ ਬਣਨ ਤੋਂ ਹੁਣ ਮੱਤੇਵਾਡ਼ਾ ਦੇ ਜੰਗਲਾਂ ਨੂੰ ਬਚਾਉਣ ਲਈ ਕਿਉਂ ਨਹੀਂ ਪੁੱਜੇ। ਉਨ੍ਹਾਂ ਕਿਹਾ ਕਿ ਇਹ ਓਹੀ ਭਗਵੰਤ ਮਾਨ ਹਨ, ਜੋ ਸਰਕਾਰ ਬਣਨ ਤੋਂ ਪਹਿਲਾਂ ਇਸ ਇੰਡਸਟਰੀ ਪਾਰਕ ਦਾ ਵਿਰੋਧ ਕਰਦੇ ਸਨ ਅਤੇ ਹੁਣ ਮੁੱਖ ਮੰਤਰੀ ਬਣਨ ਤੋਂ ਬਾਅਦ ਇਸ ਦੇ ਹੱਕ ’ਚ ਦਿਖਾਈ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਸਾਡੇ ਸੂਬੇ ਦੀ ਅਫ਼ਸਰਸ਼ਾਹੀ ’ਚ ਬਾਹਰਲੇ ਸੂਬਿਆਂ ਦੇ ਅਫ਼ਸਰ ਭਾਰੂ ਹਨ, ਜੋ ਸਰਕਾਰਾਂ ਦੇ ਨੁਮਾਇੰਦਿਆਂ ਨੂੰ ਸਿੱਧੇ ਕੰਮ ਹੀ ਨਹੀਂ ਕਰਨ ਦਿੰਦੇ। ਅੱਜ ਦੇ ਧਰਨੇ ’ਚ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਵੀ ਵੱਡੀ ਗਿਣਤੀ ’ਚ ਪਹੁੰਚੇ ਅਤੇ ਨਾਅਰਿਆਂ ਦੀ ਗੂੰਜ ’ਚ ਇਸ ਪ੍ਰਾਜੈਕਟ ਦਾ ਵਿਰੋਧ ਕਰਦਿਆਂ ਇਸ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ।