ਰੁਪਿਆਂ ਦੇ ਲੈਣ-ਦੇਣ ਵਾਲੀ ‘ਵਾਇਰਲ ਆਡੀਓ’ ਕਾਰਨ ਵਿਵਾਦਾਂ ‘ਚ ਘਿਰੇ ਹੋਏ ਪੰਜਾਬ ਦੇ ਮੰਤਰੀ ਫੌਜਾ ਸਿੰਘ ਸਰਾਰੀ ਨੂੰ ਬਰਖ਼ਾਸਤ ਕਰਕੇ ਪਰਚਾ ਦਰਜ ਕਰਨ ਦੀ ਮੰਗ ਨੂੰ ਲੈ ਕੇ ਵਿਧਾਨ ਸਭਾ ‘ਚ ਜ਼ਬਰਦਸਤ ਹੰਗਾਮਾ ਹੋਇਆ। ਇਸ ਜ਼ੋਰਦਾਰ ਹੰਗਾਮੇ ਤੋਂ ਬਾਅਦ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸੈਸ਼ਨ ਸੋਮਵਾਰ ਤੱਕ ਮੁਲਤਵੀ ਕਰ ਦਿੱਤਾ। ਸਦਨ ਦੀ ਕਾਰਵਾਈ ਸ਼ੁਰੂ ਹੋਣ ‘ਤੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਿਫਰ ਕਾਲ ਦਾ ਐਲਾਨ ਕਰਦਿਆਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੂੰ ਬੋਲਣ ਦਾ ਮੌਕਾ ਦਿੱਤਾ ਤਾਂ ਉਨ੍ਹਾਂ ਫੌਜਾ ਸਿੰਘ ਸਰਾਰੀ ਦੀ ਵਾਇਰਲ ਆਡੀਓ ਦਾ ਜ਼ਿਕਰ ਕਰਦਿਆਂ ਉਨ੍ਹਾਂ ਨੂੰ ਮੰਤਰੀ ਮੰਡਲ ‘ਚੋਂ ਬਰਖਾਸਤ ਕਰਕੇ ਕੇਸ ਦਰਜ ਕਰਨ ਦੀ ਮੰਗ ਕੀਤੀ। ਵਿਰੋਧੀ ਧਿਰ ਨੇ ਇਸ ਮੁੱਦੇ ‘ਤੇ ਸਰਕਾਰ ਤੇ ਖਾਸ ਕਰ ਮੁੱਖ ਮੰਤਰੀ ਭਗਵੰਤ ਮਾਨ ਦੇ ਬਿਆਨ ਦੀ ਮੰਗ ਕੀਤੀ ਤਾਂ ਸਪੀਕਰ ਨੇ ਸਪੱਸ਼ਟ ਕੀਤਾ ਕਿ ਸਿਫਰ ਕਾਲ ਦੌਰਾਨ ਉਠੇ ਕਿਸੇ ਵੀ ਮੁੱਦੇ ‘ਤੇ ਸਪੀਕਰ ਸਰਕਾਰ ਨੂੰ ਜਵਾਬ ਦੇਣ ਲਈ ਪਾਬੰਦ ਨਹੀਂ ਕਰ ਸਕਦਾ। ਮੁੱਖ ਮੰਤਰੀ ਦੇ ਬਿਆਨ ‘ਤੇ ਅੜੀ ਵਿਰੋਧੀ ਧਿਰ ਨੇ ਜਦੋਂ ਸਦਨ ਦੇ ਵਿਚਕਾਰ ਆ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਤਾਂ ਸਪੀਕਰ ਵੱਲੋਂ ਸਦਨ ਦੀ ਕਾਰਵਾਈ ਅੱਧੇ ਘੰਟੇ ਲਈ ਮੁਲਤਵੀ ਕਰਨੀ ਪਈ। ਇਸ ਤੋਂ ਬਾਅਦ ਵੀ ਵਿਰੋਧੀ ਧਿਰ ਨੇ ਸਦਨ ਦੀ ਕਾਰਵਾਈ ਖ਼ਤਮ ਹੋਣ ਤੱਕ ਹੰਗਾਮਾ ਜਾਰੀ ਰੱਖਿਆ। ਵਿਰੋਧੀ ਧਿਰ ਦੇ ਨੇਤਾ ਨੇ ਕਿਹਾ ਕਿ ਫੌਜਾ ਸਿੰਘ ਸਰਾਰੀ ਦੀ ਵਾਇਰਲ ਹੋਈ ਆਡੀਓ ‘ਚ ਪੈਸੇ ਦੀ ਵਸੂਲੀ ਦੀ ਗੱਲਬਾਤ ਸਪੱਸ਼ਟ ਸੁਣਾਈ ਦਿੰਦੀ ਹੈ ਤੇ ਮੰਤਰੀ ਨੇ ਵੀ ਆਡੀਓ ਸਹੀ ਹੋਣ ਦੀ ਪੁਸ਼ਟੀ ਕਰ ਦਿੱਤੀ ਹੈ। ਇਸ ਲਈ ਜੇਕਰ ਵਿਜੈ ਸਿੰਗਲਾ ਖ਼ਿਲਾਫ਼ ਕਾਰਵਾਈ ਕੀਤੀ ਜਾ ਸਕਦੀ ਹੈ ਤਾਂ ਇਕ ਇਮਾਨਦਾਰ ਸਰਕਾਰ ਇਸ ਮੰਤਰੀ ਦੇ ਮਾਮਲੇ ‘ਚ ਪੱਲਾ ਕਿਉਂ ਝਾੜ ਰਹੀ ਹੈ। ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ‘ਆਮ ਆਦਮੀ ਪਾਰਟੀ’ ਬਦਲਾਅ ਦਾ ਨਾਅਰਾ ਦੇ ਕੇ ਸੱਤਾ ‘ਚ ਆਈ ਸੀ ਤੇ ਇਹ ਬਦਲਾਅ ਹਕੀਕੀ ਰੂਪ ‘ਚ ਦਿਖਾਈ ਦੇਣਾ ਚਾਹੀਦਾ ਹੈ। ਇਸ ਮੁੱਦੇ ‘ਤੇ ਸੁਖਪਾਲ ਸਿੰਘ ਖਹਿਰਾ ਅਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਬੋਲਣ ਦਾ ਯਤਨ ਕੀਤਾ ਪਰ ਸਪੀਕਰ ਨੇ ਦੋਵਾਂ ਨੂੰ ਇਜਾਜ਼ਤ ਨਹੀਂ ਦਿੱਤੀ। ਕਾਂਗਰਸ ਦੇ ਵਿਧਾਇਕ ਜਦੋਂ ਇਸ ਮੰਤਰੀ ਖ਼ਿਲਾਫ਼ ਕਾਰਵਾਈ ਦੀ ਮੰਗ ਕਰਦੇ ਸਨ ਤਾਂ ਹਾਕਮ ਧਿਰ ਦੇ ਜ਼ਿਆਦਾਤਰ ਮੈਂਬਰ ਕਾਂਗਰਸੀਆਂ ‘ਤੇ ਭ੍ਰਿਸ਼ਟ ਅਤੇ ਭਾਜਪਾ ਦੀ ‘ਬੀ’ ਟੀਮ ਹੋਣ ਦੇ ਦੋਸ਼ ਲਾ ਰਹੇ ਸਨ। ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਇਸ ਮਾਮਲੇ ‘ਤੇ ਮੁੱਖ ਮੰਤਰੀ ਭਗਵੰਤ ਮਾਨ ਸਪੱਸ਼ਟ ਕਰ ਚੁੱਕੇ ਹਨ ਪਰ ਇਸ ਦੇ ਬਾਵਜੂਦ ਵਿਰੋਧੀ ਧਿਰ ਮੁੱਖ ਮੰਤਰੀ ਦੇ ਬਿਆਨ ਦੇ ਮੁੱਦੇ ‘ਤੇ ਅੜੀ ਰਹੀ। ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਵਿਰੋਧੀ ਧਿਰ ਖ਼ਿਲਾਫ਼ ਸਖਤ ਰੁਖ ਅਖਤਿਆਰ ਕਰਦਿਆਂ ਕਿਹਾ ਕਿ ਵਿਰੋਧੀ ਧਿਰ ਪੰਜਾਬ ਦੀ ਜਨਤਾ ਦਾ ਸਮਾਂ ਅਤੇ ਸਰਕਾਰੀ ਪੈਸਾ ਬਰਬਾਦ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਸਾਰੇ ਮੈਂਬਰਾਂ ਨੂੰ ਇਸ ਸਦਨ ਲਈ ਚੁਣਿਆ ਹੈ। ਇਸ ਲਈ ਮੈਂਬਰਾਂ ਦਾ ਫਰਜ਼ ਬਣਦਾ ਹੈ ਕਿ ਲੋਕ ਮਸਲਿਆਂ ‘ਤੇ ਚਰਚਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਦਾ ਮਾਹੌਲ ਵਿਰੋਧੀ ਧਿਰ ਨੇ ਪੈਦਾ ਕੀਤਾ ਹੈ ਉਹ ਪੰਜਾਬ ਦੇ ਲੋਕਾਂ ਨਾਲ ਵਿਸ਼ਵਾਸਘਾਤ ਤੇ ਧੋਖੇ ਸਮਾਨ ਹੈ। ਸ਼੍ਰੋਮਣੀ ਅਕਾਲੀ ਦਲ ਦੇ ਤਿੰਨੋਂ ਵਿਧਾਇਕਾਂ ਨੇ ਕਾਂਗਰਸ ਵੱਲੋਂ ਫੌਜਾ ਸਿੰਘ ਸਰਾਰੀ ਦੇ ਮੁੱਦੇ ‘ਤੇ ਕਾਂਗਰਸ ਦੇ ਪ੍ਰਦਰਸ਼ਨ ਦਾ ਕੋਈ ਸਾਥ ਨਾ ਦਿੱਤਾ। ਮਨਪ੍ਰੀਤ ਸਿੰਘ ਇਯਾਲੀ, ਗਨੀਵ ਮਜੀਠੀਆ ਅਤੇ ਡਾ. ਸੁਖਵਿੰਦਰ ਸਿੰਘ ਸੁੱਖੀ ਚੁੱਪ-ਚਾਪ ਬੈਠੇ ਰਹੇ। ‘ਆਪ’ ਵਿਧਾਇਕ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਜਦੋਂ ਬਰਗਾੜੀ ਮਾਮਲੇ ‘ਤੇ ਸੁਖਬੀਰ ਸਿੰਘ ਬਾਦਲ ‘ਤੇ ਬਰਗਾੜੀ ਮੁੱਦੇ ਨੂੰ ਲੈ ਕੇ ਨਿਸ਼ਾਨਾ ਸੇਧਿਆ ਤਾਂ ਅਕਾਲੀ ਦਲ ਦੇ ਦੋ ਵਿਧਾਇਕ ਡਾ. ਸੁੱਖੀ ਤੇ ਗਨੀਵ ਮਜੀਠੀਆ ਬੋਲਣ ਲਈ ਖੜ੍ਹੇ ਹੋਏ। ਹੰਗਾਮੇ ਦੌਰਾਨ ਆਪਣੀ ਗੱਲ ਨਾ ਆਖ ਸਕੇ ਤਾਂ ਤਿੰਨੋਂ ਵਿਧਾਇਕਾਂ ਨੇ ਵਾਕਆਊਟ ਕਰ ਦਿੱਤਾ। ਮਨਪ੍ਰੀਤ ਸਿੰਘ ਇਯਾਲੀ ਤਾਂ ਸੁਖਬੀਰ ਸਿੰਘ ਬਾਦਲ ਦੇ ਹੱਕ ‘ਚ ਖੜ੍ਹੇ ਵੀ ਨਾ ਹੋਏ।