ਰੁਪਿਆਂ ਦੇ ਲੈਣ-ਦੇਣ ਵਾਲੀ ਇਕ ਆਡੀਓ ਰਿਕਾਰਡਿੰਗ ਵਾਇਰਲ ਹੋਣ ਤੋਂ ਬਾਅਦ ਵਿਵਾਦਾਂ ‘ਚ ਘਿਰੇ ਫੌਜਾ ਸਿੰਘ ਸਰਾਰੀ ਨੇ ਅਖੀਰ ਕਈ ਮਹੀਨੇ ਬਾਅਦ ਅਸਤੀਫਾ ਦੇ ਹੀ ਦਿੱਤਾ। ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ‘ਤੇ ਇਸ ਤੋਂ ਬਾਅਦ ਕਾਫੀ ਦਬਾਅ ਬਣਿਆ ਹੋਇਆ ਸੀ। ਫਿਰ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਕਰਕੇ ਇਹ ਅਸਤੀਫਾ ਲਮਕ ਗਿਆ। ਸਰਾਰੀ ਦੇ ਸਵੇਰ ਸਮੇਂ ਦਿੱਤੇ ਅਸਤੀਫੇ ਤੋਂ ਬਾਅਦ ਦੁਪਹਿਰ ਮਗਰੋਂ ਪਟਿਆਲਾ ਦਿਹਾਤੀ ਹਲਕੇ ਤੋਂ ਵਿਧਾਇਕ ਡਾ. ਬਲਬੀਰ ਸਿੰਘ ਨੂੰ ਕੈਬਨਿਟ ਮੰਤਰੀ ਦੀ ਸਹੁੰ ਚੁਕਾਈ ਗਈ। ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਉਨ੍ਹਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਹਾਜ਼ਰੀ ‘ਚ ਸਹੁੰ ਚੁਕਾਈ। ਬਾਅਦ ‘ਚ ਡਾ. ਬਲਬੀਰ ਸਿੰਘ ਨੂੰ ਪੰਜਾਬ ਦਾ ਸਿਹਤ ਮੰਤਰੀ ਬਣਾਇਆ ਗਿਆ। ਕੁਝ ਹੋਰਨਾਂ ਮੰਤਰੀਆਂ ਦੇ ਵਿਭਾਗਾਂ ‘ਚ ਫੇਰਬਦਲ ਵੀ ਕੀਤਾ ਗਿਆ ਹੈ। ਡਾ. ਬਲਬੀਰ ਸਿੰਘ ਨੂੰ ਸਿਹਤ ਤੇ ਪਰਿਵਾਰ ਭਲਾਈ, ਮੈਡੀਕਲ ਸਿੱਖਿਆ ਤੇ ਖੋਜ ਮਹਿਕਮਾ ਮਿਲਿਆ ਹੈ। ਇਸ ਤੋਂ ਪਹਿਲਾਂ ਫੌਜਾ ਸਿੰਘ ਸਰਾਰੀ ਵੱਲੋਂ ਅਸਤੀਫ਼ਾ ਦੇਣ ਦੀ ਖ਼ਬਰ ਸਾਹਮਣੇ ਆਈ ਤਾਂ ਸਿਆਸੀ ਹਲਚਲ ਮੱਚ ਗਈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਸਰਾਰੀ ਨੇ ਅਸਤੀਫ਼ਾ ‘ਨਿੱਜੀ ਕਾਰਨਾਂ’ ਕਰਕੇ ਦਿੱਤਾ ਹੈ। ਫੌਜਾ ਸਿੰਘ ਸਰਾਰੀ ਗੁਰਹਰਸਾਏ ਤੋਂ ‘ਆਪ’ ਦੇ ਵਿਧਾਇਕ ਹਨ ਜਿਨ੍ਹਾਂ ਨੇ 2022 ਵਿਧਾਨ ਸਭਾ ਚੋਣਾਂ ‘ਚ ਜਿੱਤ ਹਾਸਲ ਕੀਤੀ ਸੀ। ਪੰਜਾਬ ਪੁਲੀਸ ਤੋਂ ਇੰਸਪੈਕਟਰ ਵਜੋਂ ਸੇਵਾਮੁਕਤ ਹੋਏ ਸਰਾਰੀ ਨੇ 2020 ‘ਚ ਸਿਆਸਤ ‘ਚ ਆਉਣ ਦਾ ਫ਼ੈਸਲਾ ਕੀਤਾ। ਸੇਵਾਮੁਕਤੀ ਤੋਂ ਬਾਅਦ ਲੋਕਾਂ ਦੀ ਸੇਵਾ ਕਰਨਾ ਚਾਹੁੰਦੇ ਸਨ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਸਨ। ਜ਼ਿਕਰਯੋਗ ਹੈ ਕਿ ਸਰਾਰੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਰਦੇਵ ਸਿੰਘ ਨੋਨੀ ਮਾਨ ਨੂੰ ਸਿੱਧੇ ਮੁਕਾਬਲੇ ‘ਚ ਹਰਾ ਕੇ ਵਿਧਾਨ ਸਭਾ ਚੋਣ 10574 ਵੋਟਾਂ ਦੇ ਫਰਕ ਨਾਲ ਜਿੱਤੀ ਸੀ। ਸਰਾਰੀ ਦੇ ਪਰਿਵਾਰ ‘ਚ ਉਨ੍ਹਾਂ ਦੀ ਪਤਨੀ ਅਤੇ ਤਿੰਨ ਧੀਆਂ ਹਨ ਜਿਨ੍ਹਾਂ ‘ਚੋਂ ਦੋ ਵਿਆਹੀਆਂ ਹੋਈਆਂ ਹਨ।