ਮੈਡੀਸਨ ਦੇ ਖੇਤਰ ‘ਚ ਇਸ ਸਾਲ ਦਾ ਨੋਬਲ ਪੁਰਸਕਾਰ ਸਵੀਡਿਸ਼ ਵਿਗਿਆਨੀ ਸਵਾਂਤੇ ਪਾਬੋ ਨੂੰ ‘ਮਨੁੱਖਾਂ ਦੇ ਵਿਕਾਸ ਬਾਰੇ’ ਖੋਜ ਲਈ ਦਿੱਤਾ ਗਿਆ ਹੈ। ਨੋਬਲ ਕਮੇਟੀ ਦੇ ਸਕੱਤਰ ਥਾਮਸ ਪਰਲਮੈਨ ਨੇ ਸਟਾਕਹੋਮ, ਸਵੀਡਨ ‘ਚ ਕੈਰੋਲਿਨਸਕਾ ਇੰਸਟੀਚਿਊਟ ‘ਚ ਇਨਾਮ ਦੇ ਜੇਤੂ ਦਾ ਐਲਾਨ ਕੀਤਾ। ਪਾਬੋ ਨੇ ਆਧੁਨਿਕ ਮਨੁੱਖਾਂ ਦੇ ‘ਜੀਨੋਮਜ਼’ ਅਤੇ ਸਾਡੀਆਂ ਨਜ਼ਦੀਕੀ ਖ਼ਤਰੇ ਵਾਲੀਆਂ ਕਿਸਮਾਂ ਨਇਏਂਡਰਥਲ ਅਤੇ ਡੇਨੀਸੋਵਨ ਦੀ ਤੁਲਨਾ ਕਰਨ ਵਾਲੀ ਖੋਜ ਦੀ ਅਗਵਾਈ ਕੀਤੀ। ਇਸ ਖੋਜ ਦੁਆਰਾ ਪ੍ਰਦਰਸ਼ਿਤ ਕੀਤਾ ਗਿਆ ਹੈ ਕਿ ਇਨ੍ਹਾਂ ਸਪੀਸੀਜ਼ ‘ਚ ਇਕ ਮਿਸ਼ਰਣ ਹੈ। ਮੈਡੀਸਨ ਦੇ ਨੋਬਲ ਪੁਰਸਕਾਰ ਦੇ ਨਾਲ ਹੀ ਨੋਬਲ ਪੁਰਸਕਾਰਾਂ ਦਾ ਐਲਾਨ ਸ਼ੁਰੂ ਹੋ ਗਿਆ ਹੈ। ਮੰਗਲਵਾਰ ਨੂੰ ਭੌਤਿਕ ਵਿਗਿਆਨ, ਬੁੱਧਵਾਰ ਨੂੰ ਰਸਾਇਣ ਵਿਗਿਆਨ ਅਤੇ ਵੀਰਵਾਰ ਨੂੰ ਸਾਹਿਤ ਦੇ ਖੇਤਰ ‘ਚ ਇਨ੍ਹਾਂ ਪੁਰਸਕਾਰਾਂ ਦਾ ਐਲਾਨ ਕੀਤਾ ਜਾਵੇਗਾ। ਇਸ ਸਾਲ ਲਈ ਨੋਬਲ ਸ਼ਾਂਤੀ ਪੁਰਸਕਾਰ ਦਾ ਐਲਾਨ ਸ਼ੁੱਕਰਵਾਰ ਨੂੰ ਕੀਤਾ ਜਾਵੇਗਾ ਅਤੇ ਅਰਥ ਸ਼ਾਸਤਰ ਦੇ ਖੇਤਰ ‘ਚ ਇਨਾਮ ਦਾ ਐਲਾਨ 10 ਅਕਤੂਬਰ ਨੂੰ ਕੀਤਾ ਜਾਵੇਗਾ। ਲਗਭਗ 1 ਕਰੋੜ ਸਵੀਡਿਸ਼ ਕਰੋਨਾ ਜੋ ਲਗਭਗ 900,000 ਡਾਲਰ ਬਣਦੇ ਹਨ, ਜੇਤੂ ਨੂੰ ਇਨਾਮ ਵਜੋਂ ਦਿੱਤੇ ਜਾਣਗੇ। ਜ਼ਿਕਰਯੋਗ ਹੈ ਕਿ 1901 ਤੋਂ 2021 ਤੱਕ ਵੱਖ-ਵੱਖ ਖੇਤਰਾਂ ‘ਚ ਕੁੱਲ 609 ਨੋਬਲ ਪੁਰਸਕਾਰ ਦਿੱਤੇ ਗਏ ਹਨ। ਦੁਨੀਆ ਭਰ ਦੇ ਹਜ਼ਾਰਾਂ ਲੋਕ ਨੋਬਲ ਪੁਰਸਕਾਰ ਲਈ ਨਾਮਜ਼ਦਗੀਆਂ ਦਾਖਲ ਕਰਨ ਦੇ ਯੋਗ ਹਨ। ਇਨ੍ਹਾਂ ‘ਚ ਯੂਨੀਵਰਸਿਟੀ ਦੇ ਪ੍ਰੋਫੈਸਰ, ਕਾਨੂੰਨਸਾਜ਼, ਸਾਬਕਾ ਨੋਬਲ ਪੁਰਸਕਾਰ ਜੇਤੂ ਅਤੇ ਖੁਦ ਨੋਬਲ ਕਮੇਟੀ ਦੇ ਮੈਂਬਰ ਸ਼ਾਮਲ ਹਨ। ਹਾਲਾਂਕਿ ਨਾਮਜ਼ਦਗੀਆਂ ਨੂੰ 50 ਸਾਲਾਂ ਲਈ ਗੁਪਤ ਰੱਖਿਆ ਜਾਂਦਾ ਹੈ, ਪਰ ਜਿਹੜੇ ਲੋਕ ਉਨ੍ਹਾਂ ਨੂੰ ਜਮ੍ਹਾਂ ਕਰਦੇ ਹਨ, ਉਹ ਕਈ ਵਾਰ ਜਨਤਕ ਤੌਰ ‘ਤੇ ਆਪਣੀਆਂ ਸਿਫਾਰਸ਼ਾਂ ਦਾ ਐਲਾਨ ਕਰਦੇ ਹਨ, ਖਾਸ ਕਰਕੇ ਨੋਬਲ ਸ਼ਾਂਤੀ ਪੁਰਸਕਾਰ ਦੇ ਸਬੰਧ ‘ਚ।