ਆਮ ਆਦਮੀ ਪਾਰਟੀ ਦੇ ਆਗੂ ਸੰਜੇ ਸਿੰਘ ਅੰਮ੍ਰਿਤਸਰ ਦੀ ਅਦਾਲਤ ‘ਚ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਵੱਲੋਂ ਦਾਇਰ ਕੀਤੇ ਗਏ ਮਾਣਹਾਨੀ ਦੇ ਕੇਸ ‘ਚ ਪੇਸ਼ੀ ਭੁਗਤਣ ਪੁੱਜੇ। ਦੂਜੇ ਪਾਸੇ ਸਿਹਤ ਠੀਕ ਨਾ ਹੋਣ ਦਾ ਹਵਾਲਾ ਦਿੰਦਿਆਂ ਸ਼ਿਕਾਇਤਕਰਤਾ ਮਜੀਠੀਆ ਖੁਦ ਗੈਰਹਾਜ਼ਰ ਰਹੇ। ਇਸ ਮਾਮਲੇ ਦੀ ਅਗਲੀ ਸੁਣਵਾਈ ਹੁਣ 25 ਨਵੰਬਰ ਨੂੰ ਹੋਵੇਗੀ। ਪੇਸ਼ੀ ਮਗਰੋਂ ਅਦਾਲਤ ਤੋਂ ਬਾਹਰ ਆ ਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਜੇ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਅਦਾਲਤ ‘ਤੇ ਪੂਰਾ ਭਰੋਸਾ ਹੈ। ਅਦਾਲਤ ਇਸ ਮਾਮਲੇ ‘ਚ ਨਿਆਂ ਕਰੇਗੀ। ਉਨ੍ਹਾਂ ਅਦਾਲਤ ‘ਚ ਸੁਣਵਾਈ ਅਧੀਨ ਇਸ ਮਾਮਲੇ ਬਾਰੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ‘ਆਪ’ ਆਗੂ ਵੱਲੋਂ ਇਸ ਕੇਸ ਦੀ ਪੈਰਵੀ ਕਰ ਰਹੇ ਐਡਵੋਕੇਟ ਪਰਮਿੰਦਰ ਸਿੰਘ ਸੇਠੀ ਨੇ ਦੱਸਿਆ ਕਿ ਮਜੀਠੀਆ ਦੇ ਵਕੀਲ ਵੱਲੋਂ ਅਦਾਲਤ ‘ਚ ਅਰਜ਼ੀ ਦਿੱਤੀ ਗਈ, ਜਿਸ ‘ਚ ਦੱਸਿਆ ਗਿਆ ਹੈ ਕਿ ਮਜੀਠੀਆ ਦੀ ਸਿਹਤ ਠੀਕ ਨਹੀਂ ਹੈ, ਜਿਸ ਕਰ ਕੇ ਉਹ ਅਦਾਲਤ ‘ਚ ਪੇਸ਼ ਨਹੀਂ ਹੋ ਸਕਣਗੇ। ਉਨ੍ਹਾਂ ਦੱਸਿਆ ਕਿ ਮਜੀਠੀਆ ਨੇ ਬਤੌਰ ਸ਼ਿਕਾਇਤਕਰਤਾ ਸੰਜੇ ਸਿੰਘ ਦੀ ਸ਼ਨਾਖਤ ਕਰਨੀ ਸੀ। ਅਦਾਲਤ ਵੱਲੋਂ ਹੁਣ ਅਗਲੀ ਸੁਣਵਾਈ 25 ਨਵੰਬਰ ਨੂੰ ਨਿਰਧਾਰਤ ਕੀਤੀ ਗਈ ਹੈ।