ਡਰੱਗ ਮਾਮਲੇ ‘ਚ ਕਈ ਮਹੀਨੇ ਤੋਂ ਪਟਿਆਲਾ ਦੀ ਕੇਂਦਰੀ ਜੇਲ੍ਹ ‘ਚ ਬੰਦ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਜ਼ਮਾਨਤ ‘ਤੇ ਰਿਹਾਅ ਹੋ ਗਏ ਹਨ। ਉਨ੍ਹਾਂ ਦਾ ਜੇਲ੍ਹ ‘ਚੋਂ ਬਾਹਰ ਆਉਣ ‘ਤੇ ਅਕਾਲੀ ਵਰਗਰਾਂ ਨੇ ਭਰਵਾਂ ਸਵਾਗਤ ਕੀਤਾ ਅਤੇ ਜੇਲ੍ਹ ਦੇ ਗੇਟ ਕੋਲ ਹੀ ਕੇਕ ਵੀ ਕੱਟਿਆ ਗਿਆ। ਮਜੀਠੀਆ ਰਿਹਾਈ ਮਗਰੋਂ ਸਭ ਤੋਂ ਪਹਿਲਾਂ ਪਟਿਆਲਾ ਦੇ ਗੁਰਦੁਆਰਾ ਦੁੱਖਨਿਵਾਰਨ ਸਾਹਿਬ ਵਿਖੇ ਮੱਥਾ ਟੇਕਣ ਪੁੱਜੇ। ਯਾਦ ਰਹੇ ਕਿ ਉਹ ਕਰੀਬ ਸਾਢੇ ਪੰਜ ਮਹੀਨੇ ਜੇਲ੍ਹ ‘ਚ ਰਹੇ ਅਤੇ ਰੱਖੜੀ ਦੇ ਪਵਿੱਤਰ ਤਿਉਹਾਰ ਤੋਂ ਇਕ ਦਿਨ ਪਹਿਲਾਂ ਸ਼ਾਮ ਕਰੀਬ 6.20 ਵਜੇ ਜੇਲ੍ਹ ‘ਚੋਂ ਬਾਹਰ ਨਿਕਲੇ। ਅਕਾਲੀ ਵਰਕਰਾਂ ਨੇ ਮਜੀਠੀਆ ਦੇ ਸ਼ਾਮ ਨੂੰ ਜੇਲ੍ਹ ਤੋਂ ਬਾਹਰ ਆਉਣ ਮਗਰੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਸਮਰਥਕਾਂ ਨੇ ਮਜੀਠੀਆ ‘ਤੇ ਫੁੱਲਾਂ ਦੀ ਵਰਖਾ ਵੀ ਕੀਤੀ ਅਤੇ ਉਨ੍ਹਾਂ ਜੇਲ੍ਹ ਦੇ ਗੇਟ ‘ਤੇ ਕੇਕ ਵੀ ਕੱਟਿਆ। ਇਸ ਵੇਲੇ ਸਮਰਥਕਾਂ ਵੱਲੋਂ ਲਿਆਂਦੇ ਗਏ ਗੁਲਦਸਤੇ ਵੀ ਮਜੀਠੀਆ ਨੇ ਕਬੂਲ ਕੀਤੇ। ਬੈਂਚ ਨੇ ਜ਼ਮਾਨਤ ਦਿੰਦਿਆਂ ਕਿਹਾ ਕਿ ‘ਇਹ ਮੰਨਣ ਲਈ ਵਾਜਬ ਆਧਾਰ ਮੌਜੂਦ ਹਨ ਕਿ ਪਟੀਸ਼ਨਰ ਐੱਫ.ਆਈ.ਆਰ. ਵਿਚ ਆਪਣੇ ਵਿਰੁੱਧ ਕਥਿਤ ਅਪਰਾਧਾਂ ਲਈ ਦੋਸ਼ੀ ਨਹੀਂ ਹੈ ਅਤੇ ਜ਼ਮਾਨਤ ਦੌਰਾਨ ਉਸ ਦੇ ਅਜਿਹੇ ਅਪਰਾਧ ਕਰਨ ਦੀ ਸੰਭਾਵਨਾ ਨਹੀਂ ਹੈ। ਮੁਕੱਦਮੇ ਦੀ ਸੁਣਵਾਈ ਸ਼ੁਰੂ ਹੋਣ ਅਤੇ ਸਮਾਪਤ ਹੋਣ ‘ਚ ਵਕਤ ਲੱਗੇਗਾ। ਹੋਰ ਅਣਮਿਥੇ ਸਮੇਂ ਲਈ ਪਟੀਸ਼ਨਰ ਨੂੰ ਨਿਆਇਕ ਹਿਰਾਸਤ ‘ਚ ਰੱਖਣ ਨਾਲ ਕੋਈ ਮਕਸਦ ਪੂਰਾ ਨਹੀਂ ਹੋਵੇਗਾ ਜਿਸ ਕਰਕੇ ਪਟੀਸ਼ਨਰ ਜ਼ਮਾਨਤ ‘ਤੇ ਰਿਹਾਅ ਹੋਣ ਦਾ ਹੱਕਦਾਰ ਹੈ।’ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਵੀ ਆਪਣੇ ਭਰਾ ਦੀ ਰਿਹਾਈ ਬਾਰੇ ਕਿਹਾ ਕਿ ਵਾਹਿਗੁਰੂ ਨੇ ਉਨ੍ਹਾਂ ਦੀ ਸੁਣ ਲਈ ਹੈ। ਰਿਹਾਈ ਤੋਂ ਅਗਲੇ ਦਿਨ ਅੱਜ ਰੱਖੜੀ ਹੋਣ ‘ਤੇ ਹਰਸਿਮਰਤ ਕੌਰ ਬਾਦਲ ਨੇ ਆਪਣੇ ਭਰਾ ਬਿਕਰਮ ਸਿੰਘ ਮਜੀਠੀਆ ਦੇ ਰੱਖੜੀ ਬੰਨ੍ਹੀ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਪਟਿਆਲਾ ਜੇਲ੍ਹ ਤੋਂ ਬਾਹਰ ਆਉਣ ਮਗਰੋਂ ਮੀਡੀਆ ਨਾਲ ਗੱਲ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮੰਗ ਕੀਤੀ ਕਿ 75ਵੇਂ ਆਜ਼ਾਦੀ ਸਮਾਰੋਹ ਮੌਕੇ ਬੰਦੀ ਸਿੱਖਾਂ ਨੂੰ ਰਿਹਾਅ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਉਹ ਬਲਵੰਤ ਸਿੰਘ ਰਾਜੋਆਣਾ ਨੂੰ ਵੀ ਮਿਲੇ ਹਨ ਅਤੇ ਉਹ ਭਾਰਤੀ ਸੰਵਿਧਾਨ ਦਾ ਪੂਰਾ ਸਤਿਕਾਰ ਕਰਦੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਬੰਦੀ ਸਿੰਘਾਂ ਦੀ ਰਿਹਾਈ ਹੋਣੀ ਚਾਹੀਦੀ ਹੈ। ਮਜੀਠੀਆ ਨੇ ਨਵਜੋਤ ਸਿੱਧੂ ਦਾ ਨਾਮ ਲਏ ਬਗੈਰ ਕਿਹਾ, ‘ਮੇਰੇ ਖ਼ਿਲਾਫ਼ ਜ਼ੁਲਮ ਕਰਨ ਵਾਲੇ ਵੀ ਮੇਰੇ ਗੁਆਂਢ ‘ਚ ਹੀ ਜੇਲ੍ਹ ਚ ਸਨ। ਜੋ ਜ਼ੁਲਮ ਕਰਦੇ ਹਨ ਉਹ ਵੀ ਆਖ਼ਿਰ ਜ਼ੁਲਮ ਦਾ ਸ਼ਿਕਾਰ ਹੁੰਦੇ ਹਨ।’ ਆਪਣੇ ਵਿਰੋਧੀਆਂ ਨੂੰ ਮੁਆਫ਼ ਕਰਦਿਆਂ ਉਨ੍ਹਾਂ ਕਿਹਾ ਕਿ ਵਿਰੋਧੀਆਂ ਨੂੰ ਵਿਰੋਧ ਕਰਨਾ ਚਾਹੀਦਾ ਹੈ ਪਰ ਅਜਿਹਾ ਨਾ ਕੀਤਾ ਜਾਵੇ ਕਿ ਦੁਸ਼ਮਣੀਆਂ ਬਣ ਜਾਣ। ‘ਕਿੜ੍ਹਾਂ ਕੱਢਣ ਵਾਲੀ ਰਾਜਨੀਤੀ ਕਦੇ ਵੀ ਨਹੀਂ ਕਰਨੀ ਚਾਹੀਦੀ ਹੈ।’ ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਚੋਣਾਂ ਲੜਨ ਤੋਂ ਰੋਕਣ ਲਈ ਸਾਜ਼ਿਸ਼ ਘੜੀ ਸੀ। ਉਨ੍ਹਾਂ ਕਿਹਾ ਕਿ ਜੇਲ੍ਹ ‘ਚ ਜੋ ਕੁਝ ਵੀ ਹੁੰਦਾ ਹੈ, ਉਸ ਬਾਰੇ ਉਹ ਆਉਂਦੇ ਦਿਨਾਂ ‘ਚ ਖ਼ੁਲਾਸਾ ਕਰਨਗੇ।