ਸਾਬਕਾ ਕਾਂਗਰਸੀ ਮੰਤਰੀ ਭਾਰਤ ਭੂਸ਼ਣ ਆਸ਼ੂ ਦਾਣਾ ਮੰਡੀ ਟਰਾਂਸਪੋਟੇਸ਼ਨ ਟੈਂਡਰ ਘੁਟਾਲੇ ‘ਚ ਗ੍ਰਿਫ਼ਤਾਰ ਹਨ ਅਤੇ ਮੱਛਰਾਂ ਤੋਂ ਪ੍ਰੇਸ਼ਾਨ ਹੋ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਪਿਛਲੇ ਚਾਰ ਦਿਨਾਂ ਤੋਂ ਸਾਬਕਾ ਮੰਤਰੀ ਕਾਫ਼ੀ ਪ੍ਰੇਸ਼ਾਨ ਸਨ ਤੇ ਉਨ੍ਹਾਂ ਇਸ ਦੀ ਸ਼ਿਕਾਇਤ ਵਿਜੀਲੈਂਸ ਅਧਿਕਾਰੀਆਂ ਕੋਲ ਕੀਤੀ ਸੀ, ਜਿਸ ਮਗਰੋਂ ਵਿਜੀਲੈਂਸ ਅਧਿਕਾਰੀਆਂ ਦੇ ਕਹਿਣ ‘ਤੇ ਦਫ਼ਤਰ ਦੇ ਅੰਦਰ ਤੇ ਆਸ-ਪਾਸ ਫੌਗਿੰਗ ਕਰਵਾਈ ਗਈ ਤਾਂ ਕਿ ਮੱਛਰਾਂ ਤੋਂ ਰਾਹਤ ਮਿਲ ਸਕੇ। ਇਸ ਦੇ ਨਾਲ-ਨਾਲ ਦਫ਼ਤਰ ਦੇ ਆਲੇ ਦੁਆਲੇ ਮੱਛਰ ਮਾਰਨ ਵਾਲਾ ਸਪਰੇਅ ਵੀ ਕੀਤਾ ਗਿਆ। ਦੂਜੇ ਪਾਸੇ ਆਸ਼ੂ ਵਾਲੇ ਕਮਰੇ ‘ਚ ਸਪਰੇਅ ਤੇ ਫੌਗਿੰਗ ਕਰਵਾਈ ਗਈ ਜਿਸ ਨੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ। ਹਾਲਾਂਕਿ ਪਹਿਲਾਂ ਵੀ ਦੋਸ਼ ਲੱਗ ਚੁੱਕੇ ਹਨ ਕਿ ‘ਆਪ’ ਸਰਕਾਰ ‘ਚ ਵੀ ਸਾਬਕਾ ਮੰਤਰੀ ਨੂੰ ਰਿਆਇਤ ਦਿੱਤੀ ਜਾ ਰਹੀ ਹੈ। ਵਿਜੀਲੈਂਸ ਦੀ ਟੀਮ ਨੇ 22 ਅਗਸਤ ਰਾਤ ਨੂੰ ਸਾਬਕਾ ਮੰਤਰੀ ਆਸ਼ੂ ਨੂੰ ਇਕ ਸੈਲੂਨ ਤੋਂ ਕਾਬੂ ਕੀਤਾ ਸੀ। ਜਿਸ ਤੋਂ ਬਾਅਦ ਉਹ ਵਿਜੀਲੈਂਸ ਕੋਲ ਰਿਮਾਂਡ ‘ਤੇ ਚੱਲ ਰਹੇ ਹਨ। ਚਾਰ ਦਿਨਾਂ ਤੋਂ ਮੱਛਰਾਂ ਤੋਂ ਪ੍ਰੇਸ਼ਾਨ ਸਾਬਕਾ ਮੰਤਰੀ ਪਿਛਲੇ ਕਮਰੇ ‘ਚ ਬੈਠੇ ਸਨ ਜਿੱਥੇ ਏ.ਸੀ. ਨਹੀਂ ਲੱਗਿਆ ਪਰ ਸੂਤਰ ਦੱਸਦੇ ਹਨ ਕਿ ਉਥੇ ਸਾਬਕਾ ਮੰਤਰੀ ਨੂੰ ਹਰ ਤਰ੍ਹਾਂ ਦੀ ਸਹੂਲਤ ਦਿੱਤੀ ਜਾ ਰਹੀ ਹੈ। ਇਸ ‘ਚ ਘਰ ਤੋਂ ਆਏ ਖਾਣੇ ਤੋਂ ਲੈ ਕੇ ਹੋਰ ਵੀ ਕਈ ਅਜਿਹੀਆਂ ਚੀਜ਼ਾਂ ਸ਼ਾਮਲ ਹਨ, ਜੋ ਪੁਲੀਸ ਹਿਰਾਸਤ ਵਿੱਚ ਨਹੀਂ ਦਿੱਤੀਆਂ ਜਾ ਸਕਦੀਆਂ। ਵਿਜੀਲੈਂਸ ਦੀ ਟੀਮ ਹਰ 12 ਘੰਟੇ ਬਾਅਦ ਆਸ਼ੂ ਦਾ ਮੈਡੀਕਲ ਚੈੱਕਅਪ ਵੀ ਕਰਵਾ ਰਹੀ ਹੈ। ਦਾਣਾ ਮੰਡੀ ਟਰਾਂਸਪੋਟੇਸ਼ਨ ਟੈਂਡਰ ਘੁਟਾਲੇ ‘ਚ ਗ੍ਰਿਫ਼ਤਾਰ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਨਜ਼ਦੀਕੀਆਂ ਦੀਆਂ ਮੁਸ਼ਕਲਾਂ ਵੀ ਵੱਧਣ ਲੱਗੀਆਂ ਹਨ। ਮੇਅਰ ਬਲਕਾਰ ਸੰਧੂ ਤੋਂ ਬਾਅਦ ਹੁਣ ਆਸ਼ੂ ਦੇ ਸਭ ਤੋਂ ਨਜ਼ਦੀਕੀ ਸਾਥੀਆਂ ‘ਚ ਗਿਣੇ ਜਾਂਦੇ ਕੌਂਸਲਰ ਸੰਨੀ ਭੱਲਾ ਤੋਂ ਵੀ ਵਿਜੀਲੈਂਸ ਦੀ ਟੀਮ ਨੇ ਪੁੱਛ-ਪੜਤਾਲ ਕੀਤੀ ਹੈ। ਸੰਨੀ ਭੱਲਾ ਤੋਂ ਕਰੀਬ ਡੇਢ ਘੰਟੇ ਤੱਕ ਪੁੱਛ-ਪੜਤਾਲ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਸੰਨੀ ਭੱਲਾ ਕਾਫ਼ੀ ਪ੍ਰੇਸ਼ਾਨ ਸਨ। ਉਨ੍ਹਾਂ ਅੰਦਰ ਜਾਣ ਦੌਰਾਨ ਹੀ ਪੁਲੀਸ ਦੇ ਵੱਲੋਂ ਕਾਂਗਰਸੀਆਂ ਦਾ ਧਰਨਾ ਖ਼ਤਮ ਕਰਵਾ ਦਿੱਤਾ ਗਿਆ। ਸੰਨੀ ਭੱਲਾ ਦਫ਼ਤਰ ਤੋਂ ਬਾਹਰ ਨਿਕਲ ਕੇ ਸਿੱਧਾ ਘਰ ਚਲੇ ਗਏ ਜਿਸ ਦੌਰਾਨ ਉਨ੍ਹਾਂ ਕਿਸੇ ਨਾਲ ਕੋਈ ਗੱਲ ਨਹੀਂ ਕੀਤੀ। ਸੂਤਰ ਦੱਸਦੇ ਹਨ ਕਿ ਵਿਜੀਲੈਂਸ ਅਧਿਕਾਰੀਆਂ ਸੰਨੀ ਭੱਲਾ ਤੋਂ ਪੁੱਛੇ ਜਾਣ ਵਾਲੇ ਸਵਾਲ ਪਹਿਲਾਂ ਹੀ ਤਿਆਰ ਕੀਤੇ ਹੋਏ ਸਨ।