ਏਸ਼ੀਆ ਕੱਪ ਦੇ ਮੈਚ ‘ਚ ਅਫਗਾਨਿਸਤਾਨ ਅਤੇ ਪਾਕਿਸਤਾਨ ਦੇ ਪ੍ਰਸ਼ੰਸਕ ਸਟੇਡੀਅਮ ‘ਚ ਹੀ ਭਿੜ ਗਏ। ਇਸ ਘਟਨਾ ਦੀਆਂ ਕੁਝ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ‘ਚ ਪ੍ਰਸ਼ੰਸਕ ਇਕ-ਦੂਜੇ ‘ਤੇ ਕੁਰਸੀਆਂ ਸੁੱਟਦੇ ਹੋਏ ਅਤੇ ਨਾਅਰੇਬਾਜ਼ੀ ਕਰਦੇ ਨਜ਼ਰ ਆ ਰਹੇ ਹਨ। ਵੀਡੀਓ ‘ਚ ਦੇਖਿਆ ਜਾ ਰਿਹਾ ਹੈ ਕਿ ਅਫਗਾਨਿਸਤਾਨ-ਪਾਕਿਸਤਾਨ ਦੇ ਪ੍ਰਸ਼ੰਸਕ ਸਟੈਂਡ ‘ਚ ਲੱਗੀਆਂ ਕੁਰਸੀਆਂ ਉਖਾੜ ਕੇ ਸੁੱਟ ਰਹੇ ਹਨ ਅਤੇ ਆਪਣੇ ਦੇਸ਼ਾਂ ਦੇ ਝੰਡੇ ਲਹਿਰਾ ਰਹੇ ਹਨ। ਖ਼ਬਰਾਂ ਮੁਤਾਬਕ ਮੈਚ ਹਾਰਨ ਤੋਂ ਬਾਅਦ ਅਫਗਾਨ ਸਮਰਥਕਾਂ ਨੇ ਸਟੇਡੀਅਮ ‘ਚ ਕੁਝ ਪਾਕਿਸਤਾਨੀ ਪ੍ਰਸ਼ੰਸਕਾਂ ਦੀ ਕੁੱਟਮਾਰ ਕੀਤੀ। ਪ੍ਰਸ਼ੰਸਕਾਂ ਨੇ ਕਥਿਤ ਤੌਰ ‘ਤੇ ਸ਼ਾਰਜਾਹ ਕ੍ਰਿਕਟ ਸਟੇਡੀਅਮ ‘ਚ ਵੀ ਭੰਨਤੋੜ ਕੀਤੀ। ਜ਼ਿਕਰਯੋਗ ਹੈ ਕਿ ਪਾਕਿਸਤਾਨ ਨੇ ਨਸੀਮ ਸ਼ਾਹ (14 ਅਜੇਤੂ) ਦੇ ਆਖਰੀ 2 ਗੇਂਦਾਂ ‘ਤੇ 2 ਛੱਕਿਆਂ ਦੀ ਬਦੌਲਤ ਅਫਗਾਨਿਸਤਾਨ ਨੂੰ ਏਸ਼ੀਆ ਕੱਪ ਦੇ ਨੇੜਲੇ ਮੈਚ ‘ਚ ਇਕ ਵਿਕਟ ਨਾਲ ਹਰਾ ਦਿੱਤਾ ਜਿਸ ਤੋਂ ਬਾਅਦ ਇਹ ਘਟਨਾ ਵਾਪਰੀ।