ਅਮਰੀਕਾ ਦੇ ਫੁਟਬਾਲ ਖਿਡਾਰੀ ਡਮਾਰ ਹੈਮਲਿਨ ਨੂੰ ਮੈਚ ਦੌਰਾਨ ਦਿਲ ਦੀ ਧੜਕਣ ਰੁਕਣ ਕਾਰਨ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ ਜਿੱਥੇਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਅਮਰੀਕਨ ਨੈਸ਼ਨਲ ਫੁਟਬਾਲ ਲੀਗ ‘ਚ ਬਫੇਲੋ ਬੁਲਜ਼ ਦੇ 24 ਸਾਲਾ ਖਿਡਾਰੀ ਨੂੰ ਸਿਨਸਿਨਾਟੀ ਬੇਂਗੋਲਜ਼ ਖ਼ਿਲਾਫ਼ ਮੈਚ ਦੌਰਾਨ ਵਿਰੋਧੀ ਖਿਡਾਰੀ ਨਾਲ ਟਕਰਾਉਣ ਤੋਂ ਬਾਅਦ ਜ਼ਮੀਨ ‘ਤੇ ਡਿੱਗ ਗਿਆ। ਹੈਮਲਿਨ ਨੂੰ 30 ਮਿੰਟਾਂ ਲਈ ਮੈਦਾਨ ‘ਤੇ ਡਾਕਟਰੀ ਸਹਾਇਤਾ ਮਿਲੀ ਜਿਸ ਤੋਂ ਬਾਅਦ ਉਸ ਨੂੰ ਸਥਾਨਕ ਹਸਪਤਾਲ ਲਿਜਾਇਆ ਗਿਆ। ਨੈਸ਼ਨਲ ਫੁਟਬਾਲ ਲੀਗ ਨੇ ਇਕ ਘੰਟੇ ਬਾਅਦ ਗੇਮ ਨੂੰ ਰੱਦ ਕਰਨ ਦਾ ਐਲਾਨ ਕੀਤਾ। ਬਫੇਲੋ ਬੁਲਜ਼ ਨੇ ਇਕ ਬਿਆਨ ਜਾਰੀ ਕਰਕੇ ਹੈਮਲਿਨ ਦੇ ਦਿਲ ਦੀ ਧੜਕਣ ਰੁਕਣ ਦੀ ਪੁਸ਼ਟੀ ਕੀਤੀ। ਨਾਲ ਹੀ ਬਿਆਨ ‘ਚ ਕਿਹਾ ਗਿਆ ਕਿ ਬਾਅਦ ‘ਚ ਉਸ ਦਾ ਦਿਲ ਮੈਦਾਨ ‘ਤੇ ਹੀ ਧੜਕਣ ਲੱਗਾ ਸੀ। ਹੈਮਲਿਨ ਦੇ ਪ੍ਰਤੀਨਿਧੀ ਜੌਰਡਨ ਰੂਨੀ ਨੇ ਟਵਿੱਟਰ ‘ਤੇ ਲਿਖਿਆ: ‘ਉਸਦੇ ਦਿਲ ਨੇ ਆਮ ਵਾਂਗ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਉਹ ਫਿਲਹਾਲ ਬੇਹੋਸ਼ ਹੈ ਅਤੇ ਗੰਭੀਰ ਹਾਲਤ ‘ਚ ਹੈ। ਜਿਵੇਂ ਹੀ ਸਾਨੂੰ ਅਗਾਊਂ ਜਾਣਕਾਰੀ ਮਿਲਦੀ ਹੈ ਅਸੀਂ ਤੁਹਾਨੂੰ ਸਾਰਿਆਂ ਨੂੰ ਭੇਜਦੇ ਰਹਾਂਗੇ।’ ਐੱਨ.ਐੱਫ.ਐੱਲ. ਗੇਮਾਂ ਨੂੰ ਸੱਟ ਦੇ ਕਾਰਨ ਘੱਟ ਹੀ ਮੁਅੱਤਲ ਕੀਤਾ ਜਾਂਦਾ ਹੈ। ਮੈਚ ਦੇ ਕੁਮੈਂਟੇਟਰਾਂ ਨੇ ਕਿਹਾ ਕਿ ਮੈਚ ਰੱਦ ਹੋਣਾ ਹਾਦਸੇ ਦੀ ਗੰਭੀਰਤਾ ਨੂੰ ਦਰਸਾਉਂਦਾ ਹੈ।