ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਉਨ੍ਹਾਂ ਦੀ ਪਤਨੀ ਡਾ. ਗੁਰਪ੍ਰੀਤ ਕੌਰ ਆਪਣੇ ਵਿਆਹ ਮਗਰੋਂ ਅੱਜ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪੁੱਜੇ। ਉਨ੍ਹਾਂ ਨੇ ਗੁਰੂ ਘਰ ਮੱਥਾ ਟੇਕਿਆ ਅਤੇ ਆਪਣੇ ਜੀਵਨ ਦੇ ਨਵੇਂ ਅਧਿਆਏ ਦੀ ਸ਼ੁਰੂਆਤ ਲਈ ਅਸ਼ੀਰਵਾਦ ਲਿਆ। ਮੁੱਖ ਮੰਤਰੀ ਦੀ ਮਾਂ ਬੀਬੀ ਹਰਪਾਲ ਕੌਰ ਅਤੇ ਉਨ੍ਹਾਂ ਦੀ ਭੈਣ ਵੀ ਨਾਲ ਆਏ ਹਨ। ਨਵੇਂ ਵਿਆਹੇ ਜੋਡ਼ੇ ਨੇ ਗੁਰੂ ਘਰ ਮੱਥਾ ਟੇਕਣ ਵੇਲੇ ਰੁਮਾਲਾ ਭੇਟ ਕੀਤਾ ਹੈ। ਮੁੱਖ ਮੰਤਰੀ ਦੀ ਆਮਦ ਨੂੰ ਦੇਖਦਿਆਂ ਪੁਲੀਸ ਵੱਲੋਂ ਕਰਡ਼ੇ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਅਤੇ ਮੀਡੀਆ ਨੂੰ ਵੀ ਅੱਗੇ ਜਾਣ ਦੀ ਆਗਿਆ ਨਹੀਂ ਦਿੱਤੀ ਗਈ। ਦੋ ਦਿਨ ਪਹਿਲਾਂ ਮੁੱਖ ਮੰਤਰੀ ਦੀ ਮਾਂ ਬੀਬੀ ਹਰਪਾਲ ਕੌਰ ਇਕੱਲਿਆਂ ਵੀ ਇਥੇ ਗੁਰੂਘਰ ਮੱਥਾ ਟੇਕ ਕੇ ਗਏ ਸਨ। ਹਰਿਮੰਦਰ ਸਾਹਿਬ ਮੱਥਾ ਟੇਕਣ ਆਉਣ ਤੋਂ ਪਹਿਲਾਂ ਮੁੱਖ ਮੰਤਰੀ ਨੇ ਚੰਡੀਗਡ਼੍ਹ ਵਿਖੇ ਅਹਿਮ ਮੀਟਿੰਗਾਂ ਕੀਤੀਆਂ। ਮੱਤੇਵਾਡ਼ਾ ਪ੍ਰਾਜੈਕਟ ਰੱਦ ਕਰਨ ਦਾ ਇਕ ਵੀਡੀਓ ਸੰਦੇਸ਼ ਰਾਹੀਂ ਐਲਾਨ ਕੀਤਾ। ਇਸ ਮਗਰੋਂ ਉਹ ਅਫ਼ਸਰਾਂ ਦੀਆ ਖਾਲੀ ਅਸਾਮੀਆਂ ਭਰਨ ਸਮੇਤ ਕੁਝ ਹੋਰ ਅਹਿਮ ਮੁੱਦਿਆਂ ਨੂੰ ਲੈ ਕੇ ਪੰਜਾਬ ਦੇ ਰਾਜਪਾਲ ਨੂੰ ਮਿਲੇ। ਫਿਰ ਅਚਾਨਕ ਉਹ ਪਤਨੀ ਤੇ ਪਰਿਵਾਰ ਸਮੇਤ ਅੰਮ੍ਰਿਤਸਰ ਪਹੁੰਚ ਗਏ ਅਤੇ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਆਸ਼ੀਰਵਾਦ ਲਿਆ।