ਚੰਡੀਗੜ੍ਹ ਨਜ਼ਦੀਕੀ ਕਾਂਸਲ ਤੇ ਨਵਾਂਗਾਉਂ ਸੜਕ ‘ਤੇ ਸੋਮਵਾਰ ਸ਼ਾਮ ਵੇਲੇ ਬੰਬ ਮਿਲਿਆ। ਇਹ ਥਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਚੰਡੀਗੜ੍ਹ ਦੀ ਸਰਕਾਰੀ ਰਿਹਾਇਸ਼ ਤੋਂ ਦੋ ਕਿਲੋਮੀਟਰ ਦੂਰੀ ‘ਤੇ ਹੈ। ਇਸ ਤੋਂ ਪਹਿਲਾਂ ਪੁਲੀਸ ਕੰਟਰੋਲ ਰੂਮ ਨੂੰ ਦੱਸਿਆ ਗਿਆ ਸੀ ਕਾਂਸਲ-ਨਵਾਂਗਾਉਂ ਸੜਕ ਦੇ ਟੀ ਪੁਆਇੰਟ ਲਾਗੇ ਬੰਬ ਨੁਮਾ ਵਸਤੂ ਪਈ ਹੋਈ ਹੈ। ਇਹ ਜਾਣਕਾਰੀ ਮਿਲੀ ਹੈ ਕਿ ਅੰਬਾਂ ਦੇ ਬਾਗ਼ ਅੰਦਰ ਲੱਗੇ ਟਿਊਬਵੈੱਲ ਸੰਚਾਲਕ ਵਲੋਂ ਇਸ ਦੀ ਸੂਚਨਾ ਪੁਲੀਸ ਨੂੰ ਦਿੱਤੀ ਗਈ ਜਿਸ ਮਗਰੋਂ ਪੁਲੀਸ ਨੇ ਚੰਡੀਗੜ੍ਹ ਦੇ ਬੰਬ ਨਿਰੋਧਕ ਦਸਤੇ ਨੂੰ ਸੱਦ ਲਿਆ ਹੈ। ਇਸ ਮੌਕੇ ਵੱਡੀ ਗਿਣਤੀ ‘ਚ ਸੁਰੱਖਿਆ ਬਲਾਂ ਨੂੰ ਤਾਇਨਾਤ ਕਰ ਦਿੱਤਾ ਗਿਆ ਅਤੇ ਮੌਕੇ ‘ਤੇ ਫ਼ੌਜ ਨੂੰ ਵੀ ਬੁਲਾਇਆ ਗਿਆ ਹੈ। ਡੀ.ਐਸ.ਪੀ. ਸੈਂਟਰਲ ਗੁਰਮੁਖ ਸਿੰਘ ਨੇ ਦੱਸਿਆ ਕਿ ਬੰਬ ਨਿਰੋਧਕ ਦਸਤੇ ਨੂੰ ਸੱਦ ਲਿਆ ਗਿਆ ਹੈ ਤੇ ਉਨ੍ਹਾਂ ਫੌਜ ਨੂੰ ਵੀ ਸਹਿਯੋਗ ਦੇਣ ਲਈ ਕਿਹਾ ਹੈ। ਦੂਜੇ ਪਾਸੇ ਪੰਜਾਬ ਪੁਲੀਸ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਪੁਲੀਸ ਨੇ ਜ਼ਿੰਦਾ ਬੰਬ ਬਰਾਮਦ ਕੀਤਾ ਹੈ ਤੇ ਇਹ ਥਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਹੈਲੀਪੈਡ ਤੋਂ ਸਵਾ ਕਿਲੋਮੀਟਰ ਦੂਰ ਹੈ। ਉਨ੍ਹਾਂ ਨਾਲ ਹੀ ਸਪੱਸ਼ਟ ਕੀਤਾ ਕਿ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀਆਂ ਦੀ ਰਿਹਾਇਸ਼ ਇਥੋਂ ਕਾਫੀ ਦੂਰ ਹੈ। ਇਸ ਤੋਂ ਪਹਿਲਾਂ ਸਾਹਮਣੇ ਆਈ ਖ਼ਬਰ ‘ਚ ਕਿਹਾ ਗਿਆ ਕਿ ਬੰਬ ਮੁੱਖ ਮੰਤਰੀ ਭਗਵੰਤ ਮਾਨ ਦੇ ਹੈਲੀਪੈਡ ਦੇ ਪਿੱਛੇ ਮਿਲਿਆ ਹੈ। ਅੰਬ ਦੇ ਬਾਗ ‘ਚੋਂ ਬੰਬ ਮਿਲਣ ਪਿੱਛੋਂ ਪੁਲੀਸ ਨੇ ਇਲਾਕੇ ਨੂੰ ਸੀਲ ਕਰ ਦਿੱਤਾ। ਇਹ ਬੰਬ ਪੰਜਾਬ ਅਤੇ ਚੰਡੀਗੜ੍ਹ ਦੀ ਸਰਹੱਦ ਅੰਦਰੋਂ ਮਿਲਣ ਦੀਆਂ ਖ਼ਬਰਾਂ ਆਈਆਂ। ਸੂਚਨਾ ਤੋਂ ਬਆਦ ਚੰਡੀਗੜ੍ਹ ਤੇ ਪੰਜਾਬ ਦੇ ਪੁਲੀਸ ਵਿਭਾਗਾਂ ਹਫੜਾ-ਦਫੜੀ ਮਚ ਗਈ ਹੈ। ਇਸੇ ਦੌਰਾਨ ਚੰਡੀਗੜ੍ਹ ਪੁਲੀਸ ਦੇ ਸਿਵਲ ਡਿਫੈਂਸ ਨੋਡਲ ਅਫਸਰ ਕੁਲਦੀਪ ਕੋਹਲੀ ਨੇ ਦੱਸਿਆ ਕਿ ਜਿਥੋਂ ਕਾਰਤੂਸ ਤੇ ਹੋਰ ਸ਼ੱਕੀ ਸਮੱਗਰੀ ਮਿਲੀ ਹੈ ਉਸ ਨੂੰ ਕਵਰ ਕਰ ਲਿਆ ਗਿਆ ਹੈ। ਇਸ ਸਬੰਧੀ ਆਰਮੀ ਬੰਬ ਸਕੁਐਡ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਜਲਦੀ ਹੀ ਆਰਮੀ ਬੰਬ ਸਕੁਐਡ ਦੀ ਟੀਮ ਦੇ ਆਉਣ ‘ਤੇ ਬੰਬ ਨੂੰ ਨਕਾਰਾ ਕਰ ਦਿੱਤਾ ਜਾਵੇਗਾ। ਉਸ ਤੋਂ ਬਾਅਦ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ। ਇਸ ਥਾਂ ਤੋਂ ਕੁਝ ਕਦਮਾਂ ਦੀ ਦੂਰੀ ‘ਤੇ ਹੀ ਹਰਿਆਣਾ ਦੇ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ਸਥਿਤ ਹੈ।