ਮੁੱਖ ਮੰਤਰੀ ਭਗਵੰਤ ਮਾਨ ‘ਖੇਡਾਂ ਵਤਨ ਪੰਜਾਬ ਦੀਆਂ’ ਦੀ ਸ਼ੁਰੂਆਤ ਲਈ ਭਲਕੇ ਜਲੰਧਰ ਪਹੁੰਚ ਰਹੇ ਹਨ ਪਰ ਉਸ ਤੋਂ ਐਨ ਪਹਿਲਾਂ ਜਲੰਧਰ ‘ਚ ਖਾਲਿਸਤਾਨ ਪੱਖੀ ਨਾਅਰੇ ਲਿਖੇ ਮਿਲੇ। ਭਾਵੇਂ ਪੁਲੀਸ ਨੇ ਇਨ੍ਹਾਂ ਨਾਅਰਿਆਂ ਨੂੰ ਕਾਲਖ ਨਾਲ ਮਿਟਾ ਦਿੱਤਾ ਪਰ ਇਸ ਨਾਲ ਤਣਾਅ ਜ਼ਰੂਰ ਪੈਦਾ ਹੋ ਗਿਆ। ਇਸ ਤੋਂ ਪਹਿਲਾਂ ਵੀ ਜਦੋਂ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਨੇ ਜਲੰਧਰ ‘ਚ ਤਿਰੰਗਾ ਯਾਤਰਾ ਕੱਢਣ ਪਹੁੰਚਣਾ ਸੀ ਤਾਂ ਉਥੇ ਖਾਲਿਸਤਾਨੀ ਪੱਖੀ ਨਾਅਰੇ ਲਿਖੇ ਮਿਲੇ ਸਨ। ਵੇਰਵਿਆਂ ਅਨੁਸਾਰ ਐਤਕੀਂ ਜਲੰਧਰ ‘ਚ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਬੁੱਤ ਦੁਆਲੇ ਅਤੇ ਉਥੇ ਹੀ ਲੱਗੇ ਮੁੱਖ ਮੰਤਰੀ ਵਾਲੇ ਹੋਰਡਿੰਗ ‘ਤੇ ਇਹ ਨਾਅਰੇ ਲਿਖੇ ਮਿਲੇ। ਮੁੱਖ ਮੰਤਰੀ ਦੀ ਫੇਰੀ ਕਰਕੇ ਜਲੰਧਰ ‘ਚ ਹਾਈ ਅਲਰਟ ਹੈ ਅਤੇ ਚੁਫੇਰੇ ਪੁਲੀਸ ਤਾਇਨਾਤ ਹੋਣ ਦੇ ਬਾਵਜੂਦ ਇਨ੍ਹਾਂ ਨਾਅਰਿਆਂ ਦਾ ਲਿਖਿਆ ਜਾਣਾ ਪੁਲੀਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ‘ਤੇ ਵੀ ਸਵਾਲੀਆ ਨਿਸ਼ਾਨ ਹੈ। ਜਾਣਕਾਰੀ ਮੁਤਾਬਕ ਬੀ.ਐੱਮ.ਸੀ. ਚੌਂਕ ‘ਚ ਖਾਲਿਸਤਾਨੀ ਨਾਅਰੇ ਲਿਖੇ ਮਿਲੇ ਹਨ। ਸਿੱਖ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਇਸ ਤਰ੍ਹਾਂ ਦੇ ਨਾਅਰੇ ਲਿਖਣ ਦੇ ਵੀਡੀਓ ਸੁਨੇਹੇ ਪਾ ਚੁੱਕੇ ਹਨ। ਸੂਚਨਾ ਮਿਲਦੇ ਹੀ ਮੌਕੇ ‘ਤੇ ਪਹੁੰਚੀ ਪੁਲੀਸ ਨੇ ਨਾਅਰਿਆਂ ਨੂੰ ਸਾਫ਼ ਕਰਨ ਦਾ ਮੋਰਚਾ ਸੰਭਾਲਿਆ ਅਤੇ ਨਾਅਰਿਆਂ ਨੂੰ ਸਾਫ਼ ਕੀਤਾ। ਪੁਲੀਸ ਨੇ ਅਗਲੀ ਜਾਂਚ ਆਰੰਭ ਦਿੱਤੀ ਹੈ ਅਤੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਪ੍ਰੋਗਰਾਮ ‘ਚ ਭਗਵੰਤ ਮਾਨ ਸ਼ਿਰਕਤ ਕਰਨਗੇ। ਇਸ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੱਡੇ ਪੱਧਰ ‘ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਰਾਸ਼ਟਰੀ ਖੇਡ ਦਿਵਸ ਮੌਕੇ ਸਥਾਨਕ ਗੁਰੂ ਗੋਬਿੰਦ ਸਿੰਘ ਸਟੇਡੀਅਮ ‘ਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਸ ਦਾ ਸ਼ੁੱਭ ਆਰੰਭ ਕੀਤਾ ਜਾਵੇਗਾ। ਇਸ ਮੌਕੇ ਨੂੰ ਖ਼ਰਾਬ ਕਰਨ ਲਈ ਅਤੇ ਲੋਕਾਂ ‘ਚ ਦਹਿਸ਼ਤ ਦਾ ਮਾਹੌਲ ਬਣਾਉਣ ਲਈ ਸਿੱਖ ਫਾਰ ਜਸਟਿਸ ਨੇ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਹੋ ਸਕਦਾ ਹੈ। ਪੁਲੀਸ ਜਾਂਚ ਤੋਂ ਬਾਅਦ ਇਸ ਬਾਰੇ ਹੋੲ ਜਾਣਕਾਰੀ ਮਿਲ ਸਕੇਗੀ।