ਚੰਡੀਗਡ਼੍ਹ ਨਗਰ ਨਿਗਮ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ। ਨਿਗਮ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਨੇਡ਼ੇ ਪਈ ਗੰਦਗੀ ਨੂੰ ਲੈ ਕੇ ਨਗਰ ਨਿਗਮ ਨੇ ਚਲਾਨ ਕੱਟਿਆ ਹੈ। ਜ਼ਿਕਰਯੋਗ ਹੈ ਕਿ ਇਹ ਕੋਠੀ ਸੀ.ਐੱਮ. ਹਾਊਸ ਦੇ ਅੰਦਰ ਹੀ ਆਉਂਦੀ ਹੈ। ਚਲਾਨ ਮੁੱਖ ਮੰਤਰੀ ਦੀ ਕੋਠੀ ਦੇ ਪਿੱਛੇ ਕੋਠੀ ਨੰਬਰ 7 ਦਾ ਕੱਟਿਆ ਗਿਆ ਹੈ ਜਿਸ ’ਚ ਮੁੱਖ ਮੰਤਰੀ ਦੇ ਸੁਰੱਖਿਆ ਕਰਮੀ ਰਹਿੰਦੇ ਹਨ। ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਦੇ ਦੋਨੋਂ ਪਾਸੇ ਗੰਦਗੀ ਪਈ ਹੋਣ ਕਰਕੇ ਨਗਰ ਨਿਗਮ ਵੱਲੋਂ ਸ਼ਨਿਚਰਵਾਰ ਸਵੇਰੇ 8.15 ਮਿੰਟ ’ਤੇ 10,000 ਰੁਪਏ ਦਾ ਚਲਾਨ ਕੱਟਿਆ ਗਿਆ ਹੈ। ਇਹ ਚਲਾਨ ‘ਆਰ.ਪੀ.ਐੱਫ. ਬਟਾਲੀਅਨ 113, ਡੀ.ਐੱਸ.ਪੀ. ਮਨਜਿੰਦਰ ਸਿੰਘ’ ਦੇ ਨਾਂ ’ਤੇ ਕੱਟਿਆ ਗਿਆ ਹੈ। ਜਾਣਕਾਰੀ ਮੁਤਾਬਕ ਨਗਰ ਨਿਗਮ ਪਹਿਲਾਂ ਵੀ ਕਈ ਵਾਰ ਚਿਤਾਵਨੀ ਦਿੱਤੀ ਸੀ। ਵਾਰਡ ਕੌਂਸਲਰ ਅਤੇ ਸਾਬਕਾ ਸੀਨੀਅਰ ਡਿਪਟੀ ਮੇਅਰ ਮਹੇਸ਼ਇੰਦਰ ਸਿੱਧੂ ਦਾ ਕਹਿਣਾ ਹੈ ਕਿ ਕੋਠੀ ਨੰਬਰ-7 ਅਤੇ 8 ਦੇ ਐਂਟਰੀ ਤੇ ਐਗਜ਼ਿਟ ਗੇਟਾਂ ’ਤੇ ਹਰ ਰੋਜ਼ ਗੰਦਗੀ ਫੈਲਾਈ ਜਾਂਦੀ ਹੈ। ਮੁਲਾਜ਼ਮਾਂ ਵੱਲੋਂ ਹਰ ਰੋਜ਼ ਇੱਥੇ ਕੂਡ਼ਾ ਸੁੱਟਿਆ ਜਾਂਦਾ ਹੈ। ਪਹਿਲਾਂ ਵੀ ਕਈ ਵਾਰ ਚਿਤਾਵਨੀਆਂ ਦਿੱਤੀਆਂ ਜਾ ਚੁੱਕੀਆਂ ਹਨ ਪਰ ਕੋਈ ਫ਼ਰਕ ਨਹੀਂ ਪੈਂਦਾ ਜਿਸ ਮਗਰੋਂ ਨਿਗਮ ਨੇ ਇਹ ਕਾਰਵਾਈ ਅਮਲ ’ਚ ਲਿਆਂਦੀ ਹੈ।