ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬੀਤੇ ਦਿਨ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ‘ਨਾ ਲੱਭਣ’ ਅਤੇ ਫਾਈਲਾਂ ਨੂੰ ਲੈ ਕੇ ਤਿੱਖਾ ਹਮਲਾ ਕੀਤਾ ਸੀ, ਜਿਸ ਦੇ ਜਵਾਬ ‘ਚ ਹੁਣ ਵਿਦੇਸ਼ ਤੋਂ ਚੰਨੀ ਨੇ ਜਵਾਬੀ ਹਮਲਾ ਬੋਲਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਚੰਨੀ ਵੱਲੋਂ ਚੋਣਾਂ ਤੋਂ ਪਹਿਲਾਂ ਲਏ ਗਏ ਫ਼ੈਸਲਿਆਂ ‘ਤੇ ਉਂਗਲ ਚੁੱਕੀ। ਵਿਧਾਨ ਸਭਾ ਇਜਲਾਸ ‘ਚ ਉਨ੍ਹਾਂ ਕਿਹਾ ਕਿ ਚੰਨੀ ਕਿਥੇ ਹੈ? ਮਾਨ ਨੇ ਕਿਹਾ ਕਿ ਜਦੋਂ ਉਹ ਲੋਕ ਵਿਰੋਧੀ ਫ਼ੈਸਲੇ ਦੇਖਦੇ ਹਨ ਤਾਂ ਪਤਾ ਲੱਗਦਾ ਹੈ ਕਿ ਚੰਨੀ ਨੇ ਚੋਣਾਂ ਤੋਂ ਪਹਿਲਾਂ ਫਾਈਲਾਂ ‘ਤੇ ਦਸਤਖ਼ਤ ਕੀਤੇ ਸਨ। ਇਸ ਦੇ ਜਵਾਬ ‘ਚ ਚੰਨੀ ਨੇ ਕਿਹਾ ਕਿ ਉਹ 24 ਘੰਟੇ ਫੋਨ ‘ਤੇ ਹਾਜ਼ਰ ਹਨ, ਮੁੱਖ ਮੰਤਰੀ ਜਦੋਂ ਵੀ ਚਾਹੁਣ ਉਨ੍ਹਾਂ ਨਾਲ ਸੰਪਰਕ ਕਰ ਸਕਦੇ ਹਨ। ਮੁੱਖ ਮੰਤਰੀ ਮਾਨ ਨੇ ਕਿਹਾ ਸੀ ਕਿ ਚੋਣਾਂ ਮਗਰੋਂ ਚੰਨੀ ਕਿੱਥੇ ਚਲੇ ਗਏ। ਜ਼ਰੂਰ ਦਾਲ ‘ਚ ਕੁਝ ਕਾਲਾ ਹੈ। ਹੁਣ ਕੈਨੇਡਾ ਜਾਂ ਅਮਰੀਕਾ ‘ਚ ਹੋਣ ਦੀ ਗੱਲ ਆਖੀ ਜਾ ਰਹੀ ਹੈ। ਮਾਨ ਨੇ ਵਿਰੋਧੀ ਧਿਰ ਵੱਲ ਇਸ਼ਾਰੇ ਕਰਦਿਆਂ ਆਖਿਆ ਸੀ ਕਿ ‘ਤੁਹਾਡਾ ਮੁੱਖ ਮੰਤਰੀ ਦੇ ਅਹੁਦੇ ਦਾ ਉਮੀਦਵਾਰ ਕਿਥੇ ਹੈ?’ ਮੁੱਖ ਮੰਤਰੀ ਦੇ ਇਸ ਹਮਲੇ ਮਗਰੋਂ ਚਰਨਜੀਤ ਚੰਨੀ ਨੇ ਵੀ ਜਵਾਬੀ ਹੱਲਾ ਬੋਲਿਆ ਹੈ। ਚੰਨੀ ਨੇ ਆਖਿਆ ਕਿ ਉਹ 24 ਘੰਟੇ ਫ਼ੋਨ ‘ਤੇ ਹਾਜ਼ਰ ਹਨ, ਮੁੱਖ ਮੰਤਰੀ ਜਦੋਂ ਵੀ ਚਾਹੁਣ ਉਨ੍ਹਾਂ ਨੂੰ ਕਾਲ ਕਰ ਸਕਦੇ ਹਨ। ਚੰਨੀ ਨੇ ਕਿਹਾ ਕਿ ਉਹ ਆਪਣਾ ਪੀਐੱਚ.ਡੀ ਦਾ ਥੀਸਿਸ ਮੁਕੰਮਲ ਕਰਨ ‘ਚ ਲੱਗੇ ਹੋਏ ਹਨ ਅਤੇ ਜਲਦੀ ਹੀ ਪਰਤਣਗੇ। ਉਨ੍ਹਾਂ ਕਿਹਾ ਕਿ ਉਹ ਅੱਖਾਂ ਦਾ ਇਲਾਜ ਕਰਾਉਣ ਲਈ ਆਏ ਹੋਏ ਹਨ। ਸੂਤਰਾਂ ਅਨੁਸਾਰ ਮੁੱਖ ਮੰਤਰੀ ਨੇ ਫਾਈਲਾਂ ਦੀ ਗੱਲ ਕਰਕੇ ਚੰਨੀ ਨੂੰ ਇਸ਼ਾਰਾ ਕੀਤਾ ਹੈ ਕਿ ਸਰਕਾਰ ਉਨ੍ਹਾਂ ਖ਼ਿਲਾਫ਼ ਵੀ ਕਾਰਵਾਈ ਸ਼ੁਰੂ ਕਰ ਸਕਦੀ ਹੈ। ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਕਿਸੇ ਨੂੰ ਆਖ ਰਹੇ ਹਨ ਕਿ ਉਹ ਉਨੀਂਦਰੇ ਰਹਿਣ ਕਰਕੇ ਫੋਟੋਫੋਬੀਆ ਤੋਂ ਪੀੜਤ ਹਨ ਅਤੇ ਕਿਸੇ ਨੂੰ ਅੱਖਾਂ ਦੇ ਇਲਾਜ ਦੀ ਗੱਲ ਆਖ ਰਹੇ ਹਨ। ਪਿਛਲੇ ਦਿਨਾਂ ‘ਚ ਸੋਸ਼ਲ ਮੀਡੀਆ ‘ਤੇ ਚਰਨਜੀਤ ਚੰਨੀ ਦੀ ਵਿਦੇਸ਼ ‘ਚੋਂ ਕਿਸੇ ਸੱਜਣ ਨਾਲ ਤਸਵੀਰ ਵੀ ਸਾਹਮਣੇ ਆਈ ਸੀ। ਕੁਝ ਸਮਾਂ ਪਹਿਲਾਂ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਵੀ ਚੰਨੀ ਦੇ ਵਿਦੇਸ਼ ਬੈਠੇ ਹੋਣ ‘ਤੇ ਵਿਅੰਗ ਕੱਸਦਿਆਂ ਕਿਹਾ ਸੀ, ‘ਛੱਲਾ ਮੁੜ ਕੇ ਨਹੀਂ ਆਇਆ।’ ਕੁਝ ਦਿਨ ਪਹਿਲਾਂ ਭਾਜਪਾ ਆਗੂ ਸੁਨੀਲ ਜਾਖੜ ਨੇ ਵੀ ਰਾਜਸਥਾਨ ਦੇ ਕਾਂਗਰਸੀ ਘਟਨਾਕ੍ਰਮ ‘ਤੇ ਟਿੱਪਣੀ ਕਰਦਿਆਂ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਯਾਦ ਕੀਤਾ ਸੀ। ਜਾਖੜ ਨੇ ਲਿਖਿਆ ਸੀ, ‘ਦੇਖਣਾ ਹੋਵੇਗਾ ਕਿ ਹੁਣ ਰਾਜਸਥਾਨ ਦਾ ਚੰਨੀ ਕੌਣ ਬਣੇਗਾ।’