ਗਾਰਡੀਅਨਜ਼ ਆਫ਼ ਗਵਰਨਸ (ਜੀ.ਓ.ਜੀ.) ਸਕੀਮ ਬੰਦ ਕਰਨ ਖ਼ਿਲਾਫ਼ ਭੜਕੇ ਹੋਏ ਸਾਬਕਾ ਸੈਨਿਕਾਂ ਨੇ ਅੱਜ ਇਥੇ ਮੁੱਖ ਮੰਤਰੀ ਭਗਵੰਤ ਮਾਨ ਦੇ ਆਉਣ ‘ਤੇ ਕਾਲੀਆਂ ਝੰਡੀਆਂ ਦਿਖਾਈਆਂ। ਇਨ੍ਹਾਂ ਸਾਬਕਾ ਸੈਨਿਕਾਂ ਨੂੰ ਭਾਵੇਂ ਸਿਵਲ ਹਸਪਤਾਲ, ਜਿੱਥੇ ਮੁੱਖ ਮੰਤਰੀ ਨੇ ਉਦਘਾਟਨ ਕੀਤਾ, ਦੇ ਗੇਟ ‘ਤੇ ਬਾਹਰ ਮੁੱਖ ਮਾਰਗ ‘ਤੇ ਹੀ ਰੋਕ ਲਿਆ ਗਿਆ ਪਰ ਉਨ੍ਹਾਂ ਉਥੇ ਹੀ ਆਪਣਾ ਰੋਸ ਪ੍ਰਗਟਾਇਆ। ਇਨ੍ਹਾਂ ਨੇ ਹੱਥਾਂ ‘ਚ ਕਾਲੀਆਂ ਝੰਡੀਆਂ ਫੜਨ ਤੋਂ ਇਲਾਵਾ ਪੱਗਾਂ ‘ਤੇ ਵੀ ਕਾਲੀਆਂ ਪੱਟੀਆਂ ਬੰਨ੍ਹੀਆਂ ਹੋਈਆਂ ਸਨ। ਰੋਸ ਪ੍ਰਗਟਾਉਂਦੇ ਸਾਬਕਾ ਸੈਨਿਕਾਂ ਨੂੰ ਪੁਲੀਸ ਅਧਿਕਾਰੀਆਂ ਨੇ ਮਨਾਉਣ ਦੀ ਅਣਥੱਕ ਕੋਸ਼ਿਸ਼ ਕੀਤੀ। ਇਨ੍ਹਾਂ ਦੇ ਅੜੇ ਰਹਿਣ ‘ਤੇ ਪੁਲੀਸ ਨੇ 5 ਮੈਂਬਰੀ ਕਮੇਟੀ ਦੀ ਮੁੱਖ ਮੰਤਰੀ ਨਾਲ ਮੁਲਾਕਾਤ ਦੀ ਗੱਲ ਆਖੀ ਅਤੇ ਜੀਐੱਚਜੀ ਅਕੈਡਮੀ ‘ਚ ਬਣੇ ਹੈਲੀਪੈਡ ਲਈ ਲੈ ਕੇ ਨਿੱਕਲ ਪਏ। ਪਰ ਉਥੇ ਲਿਜਾਣ ਦੀ ਥਾਂ ਪੁਲੀਸ ਲਾਈ ‘ਚ ਲੈ ਕੇ ਚਲੇ ਗਏ। ਦੂਜੇ ਪਾਸੇ ਮਲਕ ਚੌਕ ‘ਚ ਬੱਸ ਤੇ ਹੋਰ ਵਾਹਨਾਂ ‘ਤੇ ਆ ਰਹੇ ਕੁਝ ਸਾਬਕਾ ਸੈਨਿਕਾਂ ਨੂੰ ਪੁਲੀਸ ਨੇ ਉਥੇ ਹੀ ਰੋਕ ਲਿਆ ਅਤੇ ਮੁੱਖ ਮੰਤਰੀ ਦਾ ਸਮਾਗਮ ਖ਼ਤਮ ਹੋਣ ਤੱਕ ਅੱਗੇ ਨਹੀਂ ਵਧਣ ਦਿੱਤਾ। ਇਸ ਦੇ ਬਾਵਜੂਦ ਕਾਫੀ ਗਿਣਤੀ ‘ਚ ਸਾਬਕਾ ਸੈਨਿਕ ਸਮਾਗਮ ਵਾਲੀ ਥਾਂ ‘ਤੇ ਇਕੱਤਰ ਹੋਣ ‘ਚ ਸਫ਼ਲ ਹੋ ਗਏ ਅਤੇ ਆਪਣਾ ਰੋਸ ਪ੍ਰਗਟਾਇਆ। ਬਾਅਦ ‘ਚ ਇਨ੍ਹਾਂ ਪੁਲ ‘ਤੇ ਚੜ੍ਹ ਕੇ ਵੀ ਵਿਰੋਧ ਪ੍ਰਦਰਸ਼ਨ ਜਾਰੀ ਰੱਖਿਆ ਅਤੇ ਨਾਅਰੇਬਾਜ਼ੀ ਕਰਦਿਆਂ ਸਰਕਾਰ ਨੂੰ ਮੰਗਾਂ ਮੰਨਣ ਦੀ ਅਪੀਲ ਕੀਤੀ। ਕਰਨਲ ਐੱਚਐੱਚ ਕਾਹਲੋਂ, ਕਰਨਲ ਮੁਖਤਿਆਰ ਸਿੰਘ, ਮੇਜਰ ਹਰਬੰਸ ਲਾਲ ਬੰਬ, ਸੂਬੇਦਾਰ ਨਾਹਰ ਸਿੰਘ, ਕਰਮਜੀਤ ਸਿੰਘ ਸਰਾਂ ਤੇ ਹੋਰਨਾਂ ਨੇ ਕਿਹਾ ਕਿ ‘ਆਪ’ ਸਰਕਾਰ ਜੇਕਰ ਸੱਚਮੁੱਚ ਈਮਾਨਦਾਰ ਹੈ ਤਾਂ ਜੀਓਜੀ ਸਕੀਮ ਤਹਿਤ ਦਿੱਤੀਆਂ ਭ੍ਰਿਸ਼ਟਾਚਾਰ ਦੀਆਂ ਰਿਪੋਰਟਾਂ ‘ਤੇ ਕਾਰਵਾਈ ਕਰੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਹੁੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਇਹ ਸਕੀਮ ਸ਼ੁਰੂ ਕੀਤੀ ਸੀ ਜਿਸ ਨੂੰ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਨੇ ਬੰਦ ਕਰ ਦਿੱਤਾ। ਸਕੀਮ ਬੰਦ ਕਰਨ ਦੇ ਪੱਖ ‘ਚ ਦਲੀਲਾਂ ਘੜਦੇ ਹੋਏ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ, ਮੀਤ ਹੇਅਤ ਤੋਂ ਇਲਾਵਾ ਮੁੱਖ ਸਕੱਤਰ ਵੀਕੇ ਜੰਜੂਆ ਨੇ ਜੀਓਜੀ ਬਾਰੇ ਗਲਤ ਬਿਆਨੀ ਕੀਤੀ। ਪ੍ਰਦਰਸ਼ਨਕਾਰੀ ਸਾਬਕਾ ਸੈਨਿਕਾਂ ਨੇ ਇਕ ਪਾਸੇ ਬੰਦ ਕੀਤੀ ਸਕੀਮ ਬਹਾਲ ਕਰਨ ਜਦਕਿ ਦੂਜੇ ਪਾਸੇ ਜੀਓਜੀ ਨੂੰ ‘ਬੇਕਾਰ’ ਠਹਿਰਾਉਣ ਬਦਲੇ ਮੁਆਫ਼ੀ ਮੰਗਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਦੋਹਾਂ ਪ੍ਰਮੁੱਖ ਮੰਗਾਂ ਤੋਂ ਇਲਾਵਾ ਬਾਕੀ ਮੰਗਾਂ ਨਾ ਮੰਨੇ ਜਾਣ ‘ਤੇ ਇਸੇ ਤਰ੍ਹਾਂ ਵਿਰੋਧ ਪ੍ਰਦਰਸ਼ਨ ਜਾਰੀ ਰਹੇਗਾ ਤੇ ਉਹ ਸੜਕਾਂ ‘ਤੇ ਉੱਤਰਨ ਲਈ ਮਜਬੂਰ ਹੋਣਗੇ।