ਓਲੰਪਿਕ ਤਗ਼ਮਾ ਜੇਤੂ ਭਾਰਤੀ ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਨੇ ਦੋਸ਼ ਲਾਇਆ ਕਿ ਉਸ ਦੇ ਕੋਚ ਨੂੰ ਅਧਿਕਾਰੀਆਂ ਵੱਲੋਂ ਲਗਾਤਾਰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ, ਇਸ ਨਾਲ ਰਾਸ਼ਟਰਮੰਡਲ ਖੇਡਾਂ ਦੀ ਉਸ ਦੀ ਤਿਆਰੀ ’ਚ ਅਡ਼ਿੱਕਾ ਪੈ ਰਿਹਾ ਹੈ। ਉਸ ਨੇ ਕਿਹਾ ਕਿ ਇਸ ਤਰ੍ਹਾਂ ਦੀ ਸਿਆਸਤ ਖੇਡ ਤਿਆਰੀਆਂ ਨੂੰ ਪ੍ਰਭਾਵਿਤ ਕਰ ਰਹੀ ਹੈ। ਭਾਰਤੀ ਮੁੱਕੇਬਾਜ਼ੀ ਟੀਮ ਆਇਰਲੈਂਡ ’ਚ ਪ੍ਰੈਕਟਿਸ ਸੈਸ਼ਨ ਤੋਂ ਬਾਅਦ ਖੇਡ ਪਿੰਡ ਪੁੱਜੀ ਸੀ, ਪਰ ਲਵਲੀਨਾ ਦੀ ਨਿੱਜੀ ਕੋਚ ਸੰਧਿਆ ਗੁਰੁੰਗ ਖੇਡ ਪਿੰਡ ’ਚ ਦਾਖਲ ਨਹੀਂ ਹੋ ਸਕੀ ਕਿਉਂਕਿ ਉਸ ਦੇ ਕੋਲ ਮਾਨਤਾ ਨਹੀਂ ਸੀ। ਲਵਲੀਨਾ ਸੰਭਾਵੀ ਤੌਰ ’ਤੇ ਰਾਸ਼ਟਰਮੰਡਲ ਖੇਡਾਂ ਦੌਰਾਨ ਆਪਣੇ ਨਿੱਜੀ ਕੋਚ ਅਮੇਅ ਕੋਲੇਕਰ ਨੂੰ ਨਾਲ ਰੱਖਣਾ ਚਾਹੁੰਦੀ ਸੀ, ਪਰ ਉਹ ਭਾਰਤੀ ਦਲ ਦੀ ਲੰਮੀ ਸੂਚੀ ’ਚ ਸ਼ਾਮਲ ਨਹੀਂ ਹੋ ਸਕੇ। ਲਵਲੀਨਾ ਨੇ ਟਵਿੱਟਰ ਉਤੇ ਕਿਹਾ ਕਿ ਉਸ ਨੂੰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਲੰਪਿਕ ਤਗਮਾ ਜਿੱਤਣ ਵਿਚ ਮਦਦ ਕਰਨ ਵਾਲੇ ਕੋਚ ਨੂੰ ਅਭਿਆਸ ਤੇ ਮੁਕਾਬਲੇ ਵੇਲੇ ਹਰ ਵਾਰ ਹਟਾ ਕੇ ਤੰਗ ਕੀਤਾ ਜਾ ਰਿਹਾ ਹੈ। ਦੋਵਾਂ ਕੋਚਾਂ ਨੂੰ ਸੈਸ਼ਨ ’ਚ ਅਭਿਆਸ ਲਈ ਹਜ਼ਾਰ ਵਾਰ ਹੱਥ ਜੋਡ਼ਨ ਤੋਂ ਬਾਅਦ ਬਹੁਤ ਦੇਰੀ ਨਾਲ ਸ਼ਾਮਲ ਕੀਤਾ ਜਾਂਦਾ ਹੈ। ਖੇਡ ਮੰਤਰਾਲੇ ਨੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਭਾਰਤੀ ਉਲੰਪਿਕ ਸੰਘ ਨੂੰ ਇਸ ਮੁੱਦੇ ਨੂੰ ਜਲਦੀ ਤੋਂ ਜਲਦੀ ਹੱਲ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇਸੇ ਦੌਰਾਨ ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਲਵਲੀਨਾ ਦੇਸ਼ ਦਾ ਮਾਣ ਹੈ ਤੇ ਸਰਕਾਰ ਨੂੰ ਸਮੱਸਿਆ ਦਾ ਤੁਰੰਤ ਹੱਲ ਕਰਨਾ ਚਾਹੀਦਾ ਹੈ।