ਗਾਇਕ ਸਿੱਧੂ ਮੂਸੇਵਾਲਾ ਕਤਲ ਮਾਮਲੇ ’ਚ ਲੋਡ਼ੀਂਦੇ ਦੋ ਗੈਂਸਗਟਰਾਂ ਜਗਰੂਪ ਸਿੰਘ ਰੂਪਾ ਅਤੇ ਮਨਪ੍ਰੀਤ ਸਿੰਘ ਮੰਨੂ ਕੁੱਸਾ ਦੀ ਮੁਕਾਬਲੇ ’ਚ ਮੌਤ ਤੋਂ ਬਾਅਦ ਅੰਮ੍ਰਿਤਸਰ ਜ਼ਿਲ੍ਹੇ ਦੇ ਭਕਨਾ ਪਿੰਡ ਦੇ ਉਸ ਘਰ ਦੀ ਪੁਲੀਸ ਨੇ ਅੱਜ ਬਾਰੀਕੀ ਨਾਲ ਤਲਾਸ਼ੀ ਲਈ। ਇਸ ਦੌਰਾਨ ਪੁਲੀਸ ਨੂੰ ਹੋਰ ਅਸਲਾ ਬਰਾਮਦ ਹੋਇਆ। ਪੁਲੀਸ ਵੱਲੋਂ ਘਟਨਾ ਸਥਾਨ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸ ਦੌਰਾਨ ਮਾਰੇ ਗਏ ਦੋਵਾਂ ਗੈਂਗਸਟਰਾਂ ਦਾ ਇਥੇ ਪੋਸਟਮਾਰਟਮ ਕੀਤਾ ਗਿਆ ਹੈ। ਬੀਤੇ ਕੱਲ੍ਹ ਹੁਸ਼ਿਆਰ ਨਗਰ ਨੇਡ਼ੇ ਪੁਲੀਸ ਨਾਲ ਹੋਏ ਮੁਕਾਬਲੇ ’ਚ ਗੈਂਗਸਟਰ ਜਗਰੂਪ ਰੂਪਾ ਅਤੇ ਮਨਪ੍ਰੀਤ ਮੰਨੂ ਕੁੱਸਾ ਦੋਵੇਂ ਮਾਰੇ ਗਏ ਸਨ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਅੱਜ ਜਾਂਚ ਦੌਰਾਨ ਇਕ ਹੋਰ ਪਿਸਤੌਲ, ਮੈਗਜ਼ੀਨ ਤੇ ਜ਼ਿੰਦਾ ਗੋਲੀਆਂ ਬਰਾਮਦ ਹੋਈਆਂ ਹਨ। ਕੁਝ ਹੋਰ ਸਾਮਾਨ ਵੀ ਬਰਾਮਦ ਹੋਇਆ ਹੈ ਜਿਸ ਨੂੰ ਪੁਲੀਸ ਨੇ ਜਾਂਚ ਦਾ ਹਿੱਸਾ ਦੱਸਦਿਆਂ ਉਸ ਬਾਰੇ ਫਿਲਹਾਲ ਕੋਈ ਖੁਲਾਸਾ ਨਹੀਂ ਕੀਤਾ। ਪੁਲੀਸ ਨੂੰ ਗੈਂਗਸਟਰਾਂ ਦੇ ਬਰਾਮਦ ਹੋਏ ਬੈਗ ਵਿੱਚੋਂ ਅਸਲਾ ਅਤੇ ਉਨ੍ਹਾਂ ਦੇ ਕੱਪਡ਼ੇ ਆਦਿ ਤੇ ਹੋਰ ਸਾਮਾਨ ਮਿਲਿਆ ਹੈ। ਇੱਕ ਟੁੱਟਾ ਹੋਇਆ ਮੋਬਾਈਲ ਵੀ ਮਿਲਿਆ ਹੈ ਜਿਸ ਨੂੰ ਜਾਂਚ ਵਾਸਤੇ ਫੋਰੈਂਸਿਕ ਟੀਮ ਨੂੰ ਸੌਂਪਿਆ ਗਿਆ ਹੈ। ਇਸ ਦੌਰਾਨ ਪੋਸਟਮਾਰਟਮ ਹਾਊਸ ਵਿਖੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਤੇ ਹੋਰ ਪੁੱਜੇ ਹੋਏ ਸਨ। ਉਨ੍ਹਾਂ ਨੇ ਪੁਲੀਸ ਕਾਰਵਾਈ ਦੀ ਸ਼ਲਾਘਾ ਕੀਤੀ ਹੈ ਅਤੇ ਆਖਿਆ ਕਿ ਅਜੇ ਇਸ ਮਾਮਲੇ ’ਚ ਬਹੁਤ ਕੁਝ ਹੋਰ ਕਰਨ ਦੀ ਲੋਡ਼ ਹੈ। ਪੁਲੀਸ ਵੱਲੋਂ ਜਗਰੂਪ ਰੂਪਾ ਅਤੇ ਮੰਨੂ ਕੁੱਸਾ ਦੇ ਰਿਸ਼ਤੇਦਾਰਾਂ ਨੂੰ ਵੀ ਸੱਦਿਆ ਹੋਇਆ ਸੀ। ਪੋਸਟਮਾਰਟਮ ਮਗਰੋਂ ਗੈਂਗਸਟਰਾਂ ਦੀਆਂ ਲਾਸ਼ਾਂ ਉਨ੍ਹਾਂ ਦੇ ਵਾਰਸਾਂ ਨੂੰ ਸੌਂਪ ਦਿੱਤੀਆਂ। ਬਲਕੌਰ ਸਿੰਘ ਸਿੱਧੂ ਅੱਜ ਸਵੇਰੇ ਮੂਸਾ ਪਿੰਡ ਤੋਂ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਪੁੱਜੇ। ਉਨ੍ਹਾਂ ਨੂੰ ਸਿੱਧੂ ਮੂਸੇਵਾਲਾ ਦੇ ਕਾਤਲਾਂ ਦੀ ਸ਼ਨਾਖਤ ਲਈ ਸੱਦਿਆ ਗਿਆ ਸੀ। ਮੀਡੀਆ ਨਾਲ ਗੱਲਬਾਤ ਕਰਦਿਆਂ ਬਲਕੌਰ ਸਿੰਘ ਨੇ ਕਿਹਾ ਕਿ ਇਹ ਗੈਂਗਸਟਰਾਂ ਵਿਰੁੱਧ ਲਡ਼ਾਈ ਦੀ ਸ਼ੁਰੂਆਤ ਹੈ। ਦੋ ਬੰਦਿਆਂ ਨੂੰ ਮਾਰਨ ਨਾਲ ਉਨ੍ਹਾਂ ਦਾ ਪੁੱਤਰ ਵਾਪਸ ਨਹੀਂ ਆਵੇਗਾ। ਉਨ੍ਹਾਂ ਕਿਹਾ ਕਿ ਉਹ ਉਦੋਂ ਹੀ ਸੰਤੁਸ਼ਟ ਹੋਣਗੇ, ਜਦੋਂ ਪੰਜਾਬ ’ਚ ਗੈਂਗਸਟਰ ਕਲਚਰ ਖ਼ਤਮ ਹੋਵੇਗਾ।