ਨੈਸ਼ਨਲ ਹੈਰਾਲਡ ਅਖ਼ਬਾਰ ਨਾਲ ਜੁਡ਼ੇ ਮਨੀ ਲਾਂਡਰਿੰਗ ਕੇਸ ’ਚ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੋਂ ਢਾਈ ਘੰਟੇ ਦੇ ਕਰੀਬ ਪੁੱਛਗਿੱਛ ਕੀਤੀ। ਇਸ ਸਮੇਂ ਉਨ੍ਹਾਂ ਦੀ ਧੀ ਤੇ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵੀ ਗੱਡੀ ’ਚ ਉਨ੍ਹਾਂ ਦੇ ਨਾਲ ਸਵਾਰ ਹੋ ਕੇ ਪਹੁੰਚੇ ਹੋਏ ਸਨ ਜਦਕਿ ਪੁੱਤਰ ਰਾਹੁਲ ਗਾਂਧੀ ਆਏ ਤਾਂ ਨਾਲ ਹੀ ਪਰ ਕੁਝ ਦੇਰ ਬਾਅਦ ਪਰਤ ਗਏ। ਈ.ਡੀ. ਨੇ ਕੋਵਿਡ ਤੋਂ ਉਭਰ ਰਹੀ 75 ਸਾਲਾ ਆਗੂ ਨੂੰ ਕਈ ਸਵਾਲ-ਜਵਾਬ ਕੀਤੇ ਤੇ ਇਸ ਦੌਰਾਨ ਕੋਵਿਡ ਪ੍ਰੋਟੋਕਾਲ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ। ਅਧਿਕਾਰੀਆਂ ਨੇ ਕਾਂਗਰਸ ਪ੍ਰਧਾਨ ਨੂੰ ਦੂਜੇ ਗੇਡ਼ ਦੀ ਪੁੱਛ-ਪਡ਼ਤਾਲ ਲਈ 25 ਜੁਲਾਈ ਨੂੰ ਮੁਡ਼ ਸੱਦਿਆ ਹੈ। ਉਧਰ ਕਾਂਗਰਸ ਪਾਰਟੀ ਨੇ ਆਪਣੇ ਆਗੂ ਦੀ ਈ.ਡੀ. ਅੱਗੇ ਪੇਸ਼ੀ ਦੇ ਮੱਦੇਨਜ਼ਰ ਤਾਕਤ ਦੇ ਮੁਜ਼ਾਹਰੇ ਵਜੋਂ ਦੇਸ਼ ਭਰ ’ਚ ਸਡ਼ਕਾਂ ’ਤੇ ਉੱਤਰ ਕੇ ਰੋਸ ਮੁਜ਼ਾਹਰੇ ਕੀਤੇ ਤੇ ਪਾਰਟੀ ਆਗੂਆਂ ਨੇ ਗ੍ਰਿਫ਼ਤਾਰੀਆਂ ਦਿੱਤੀਆਂ। ਸੰਸਦ ਦੇ ਮੌਨਸੂਨ ਇਜਲਾਸ ’ਚ ਵੀ ਈ.ਡੀ. ਦੇ ਸੰਮਨਾਂ ਨੂੰ ਲੈ ਕੇ ਰੌਲਾ-ਰੱਪਾ ਪਿਆ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੋਂ ਪੁੱਛ-ਪਡ਼ਤਾਲ ਕਰਨ ਮੌਕੇ ਸੰਘੀ ਜਾਂਚ ਏਜੰਸੀ ਵੱਲੋਂ ਕੋਵਿਡ ਪ੍ਰੋਟੋਕਾਲ ਦਾ ਪੂਰਾ ਧਿਆਨ ਰੱਖਿਆ ਗਿਆ। ਸੋਨੀਆ ਗਾਂਧੀ ਨੂੰ ਸਵਾਲ-ਜਵਾਬ ਕਰਨ ਵਾਲੇ ਅਧਿਕਾਰੀਆਂ ਲਈ ਕੋਵਿਡ ਨੈਗੇਟਿਵ ਸਰਟੀਫਿਕੇਟ ਲਾਜ਼ਮੀ ਸੀ। ਸੋਨੀਆ ਗਾਂਧੀ ਤੋਂ ਸਹਾਇਕ ਡਾਇਰੈਕਟਰ ਮੋਨਿਕਾ ਸ਼ਰਮਾ ਦੀ ਟੀਮ ਨੇ ਸਵਾਲ ਕੀਤੇ, ਜਿਸ ਨੇ ਯੰਗ ਇੰਡੀਆ ਪ੍ਰਾਈਵੇਟ ਲਿਮਟਿਡ, ਜਿਸ ਕੋਲ ਨੈਸ਼ਨਲ ਹੈਰਾਲਡ ਦੀ ਮਾਲਕੀ ਵੀ ਹੈ, ’ਚ ਕਥਿਤ ਵਿੱਤੀ ਬੇਨਿਯਮੀਆਂ ਨਾਲ ਸਬੰਧਤ ਕੇਸ ’ਚ ਰਾਹੁਲ ਗਾਂਧੀ ਤੋਂ ਪੁੱਛ-ਪਡ਼ਤਾਲ ਕੀਤੀ ਸੀ। ਇਸ ਤੋਂ ਪਹਿਲਾਂ ਸੋਨੀਆ ਗਾਂਧੀ ਦਿੱਲੀ ਦੇ ਏ.ਪੀ.ਜੇ. ਅਬਦੁਲ ਕਲਾਮ ਰੋਡ ਸਥਿਤ ਈ.ਡੀ. ਦੇ ਹੈੱਡਕੁਆਰਟਰ ’ਚ ਆਪਣੇ ਜ਼ੈੱਡ ਪਲੱਸ ਸੁਰੱਖਿਆ ਅਮਲੇ ਨਾਲ ਦੁਪਹਿਰ 12:10 ਵਜੇ ਪੁੱਜੇ। ਕਾਂਗਰਸ ਪ੍ਰਧਾਨ, ਜਿਨ੍ਹਾਂ ਮੂੰਹ ’ਤੇ ਮਾਸਕ ਪਾਇਆ ਹੋਇਆ ਸੀ, ਨਾਲ ਉਨ੍ਹਾਂ ਦੇ ਦੋਵੇਂ ਬੱਚੇ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਵਾਡਰਾ ਵੀ ਮੌਜੂਦ ਸਨ। ਈ.ਡੀ. ਨੇ ਪ੍ਰਿਯੰਕਾ ਗਾਂਧੀ ਨੂੰ ਪ੍ਰਵਰਤਨ ਭਵਨ ’ਚ ਰੁਕਣ ਦੀ ਇਜਾਜ਼ਤ ਦਿੱਤੀ ਤਾਂ ਕਿ ਸੋਨੀਆ ਗਾਂਧੀ ਤੋਂ ਪੁੱਛ-ਪਡ਼ਤਾਲ ਦੌਰਾਨ ਜੇਕਰ ਉਨ੍ਹਾਂ ਨੂੰ ਸਿਹਤ ਨਾਲ ਜੁਡ਼ੀ ਕੋਈ ਸਮੱਸਿਆ ਆਉਂਦੀ ਹੈ ਜਾਂ ਫਿਰ ਦਵਾਈ ਦੇਣ ਦੀ ਲੋਡ਼ ਪੈਂਦੀ ਹੈ ਤਾਂ ਉਨ੍ਹਾਂ ਨੂੰ ਬੁਲਾਇਆ ਜਾ ਸਕੇ। ਰਾਹੁਲ ਗਾਂਧੀ ਹਾਲਾਂਕਿ ਆਪਣੀ ਮਾਂ ਨੂੰ ਈ.ਡੀ. ਹੈੱਡਕੁਆਰਟਰ ਛੱਡਣ ਤੋਂ ਫੌਰੀ ਮਗਰੋਂ ਉਥੋਂ ਚਲੇ ਗਏ। ਈ.ਡੀ. ਇਸ ਮਾਮਲੇ ’ਚ ਰਾਹੁਲ ਗਾਂਧੀ ਤੋਂ ਇਲਾਵਾ ਕਾਂਗਰਸ ਆਗੂਆਂ ਮਲਿਕਾਰਜੁਨ ਖਡ਼ਗੇ ਤੇ ਪਵਨ ਬਾਂਸਲ ਤੋਂ ਵੀ ਪੁੱਛ-ਪਡ਼ਤਾਲ ਕਰ ਚੁੱਕੀ ਹੈ। ਈ.ਡੀ. ਨੇ ਪਿਛਲੇ ਸਾਲ ਪੀ.ਐੱਮ.ਐੱਲ.ਏ. ਦੀਆਂ ਫੌਜਦਾਰੀ ਵਿਵਸਥਾਵਾਂ ਤਹਿਤ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਖ਼ਿਲਾਫ਼ ਸੱਜਰਾ ਕੇਸ ਦਰਜ ਕੀਤਾ ਸੀ। ਸੋਨੀਆ ਤੇ ਰਾਹੁਲ ਗਾਂਧੀ ਯੰਗ ਇੰਡੀਅਨ ਦੇ ਪ੍ਰਮੋਟਰਾਂ ’ਚੋਂ ਇਕ ਹਨ ਤੇ ਉਨ੍ਹਾਂ ਦੇ ਇਸ ਕੰਪਨੀ ’ਚ 38-38 ਫੀਸਦ ਹਿੱਸੇਦਾਰੀ ਹੈ।