ਭਾਰਤੀ ਜਨਤਾ ਪਾਰਟੀ ’ਚੋਂ ਮੁਅੱਤਲ ਕੀਤੀ ਗਈ ਨੂਪੁਰ ਸ਼ਰਮਾ ਨੂੰ ਸੁਪਰੀਮ ਕੋਰਟ ’ਚੋਂ ਰਾਹਤ ਮਿਲੀ ਹੈ ਅਤੇ ਸਰਵਉੱਚ ਅਦਾਲਤ ਨੇ 10 ਅਗਸਤ ਤੱਕ ਉਸ ਦੀ ਗ੍ਰਿਫ਼ਤਾਰੀ ’ਤੇ ਰੋਕ ਲਾਈ ਹੈ। ਪੈਗੰਬਰ ਮੁਹੰਮਦ ਖ਼ਿਲਾਫ਼ ਟਿੱਪਣੀ ਨਾਲ ਸੰਬੰਧਿਤ ਵਿਵਾਦ ਨੂੰ ਲੈ ਕੇ ਸੁਪਰੀਮ ਕੋਰਟ ਨੇ ਮੁਅੱਤਲ ਭਾਜਪਾ ਆਗੂ ਨੂਪੁਰ ਸ਼ਰਮਾ ਦੀ ਪਟੀਸ਼ਨ ’ਤੇ ਸੁਣਵਾਈ ਦੌਰਾਨ ਇਹ ਫ਼ੈਸਲਾ ਸੁਣਾਇਆ। ਸੁਪਰੀਮ ਕੋਰਟ ਨੇ ਉਸਨੂੰ ਅੰਤਰਿਮ ਰਾਹਤ ਦਿੰਦੇ ਹੋਏ ਗ੍ਰਿਫ਼ਤਾਰੀ ’ਤੇ 10 ਅਗਸਤ ਤਕ ਰੋਕ ਲੱਗਾ ਦਿੱਤੀ ਹੈ। ਸੁਪਰੀਮ ਕੋਰਟ ਨੇ ਨੂਪੁਰ ਸ਼ਰਮਾ ਨੂੰ ਪੈਗੰਬਰ ਮੁਹੰਮਦ ’ਤੇ ਕੀਤੀ ਗਈ ਟਿੱਪਣੀ ਨੂੰ ਲੈ ਕੇ ਕਈ ਸੂਬਿਆਂ ’ਚ ਉਨ੍ਹਾਂ ਖ਼ਿਲਾਫ਼ ਦਰਜ ਐੱਫ.ਆਈ.ਆਰਜ਼/ਸ਼ਿਕਾਇਤਾਂ ਦੇ ਸਬੰਧ ’ਚ ਦੰਡਕਾਰੀ ਕਾਰਵਾਈ ਤੋਂ ਸੁਰੱਖਿਆ ਪ੍ਰਦਾਨ ਕੀਤੀ। ਜੱਜ ਸੂਰੀਆਕਾਂਤ ਅਤੇ ਜੱਜ ਜੇ.ਬੀ. ਪਰਦੀਵਾਲਾ ਦੀ ਬੈਂਚ ਨੇ ਆਪਣੇ ਇਕ ਜੁਲਾਈ ਦੇ ਆਦੇਸ਼ ਤੋਂ ਬਾਅਦ ਸ਼ਰਮਾ ਨੂੰ ਕਥਿਤ ਰੂਪ ਨਾਲ ਜਾਨ ਤੋਂ ਮਾਰਨ ਦੀ ਧਮਕੀ ’ਤੇ ਨੋਟਿਸ ਲੈਂਦੇ ਹੋਏ ਉਸ ਨੂੰ ਭਵਿੱਖ ’ਚ ਦਰਜ ਹੋ ਸਕਣ ਵਾਲੀਆਂ ਸ਼ਿਕਾਇਤਾਂ/ਐੱਫ.ਆਈ.ਆਰ. ’ਚ ਵੀ ਦੰਡਕਾਰੀ ਕਾਰਵਾਈ ਤੋਂ ਰਾਹਤ ਦੇ ਦਿੱਤੀ। ਮਾਮਲਾ 26 ਮਈ ਨੂੰ ਇਕ ਟੀ.ਵੀ. ਡਿਬੇਟ ਸ਼ੋਅ ਦੌਰਾਨ ਪੈਗੰਬਰ ’ਤੇ ਕਥਿਤ ਵਿਵਾਦਿਤ ਟਿੱਪਣੀ ਨਾਲ ਸਬੰਧਤ ਹੈ। ਇਹ ਜ਼ਿਕਰ ਕਰਦੇ ਹੋਏ ਕਿ ਉੱਚ ਅਦਾਲਤ ਇਹ ਕਦੇ ਨਹੀਂ ਚਾਹੁੰਦੀ ਸੀ ਕਿ ਸ਼ਰਮਾ ਰਾਹਤ ਲਈ ਹਰ ਅਦਾਲਤ ਦਾ ਰੁਖ ਕਰੇ, ਬੈਂਚ ਨੇ ਉਸਦੀ ਪਟੀਸ਼ਨ ’ਤੇ ਕੇਂਦਰ ਅਤੇ ਦਿੱਲੀ, ਪੱਛਮੀ ਬੰਗਾਲ ਅਤੇ ਮਹਾਰਾਸ਼ਟਰ ਸਮੇਤ ਕਈ ਸੂਬਿਆਂ ਨੂੰ ਨੋਟਿਸ ਜਾਰੀ ਕੀਤਾ ਅਤੇ 10 ਅਗਸਤ ਤਕ ਉਨ੍ਹਾਂ ਤੋਂ ਜਵਾਬ ਮੰਗਿਆ।