ਪੰਜਾਬ ਤੇ ਹਰਿਆਣਾ ਸਮੇਤ ਕਈ ਰਾਜਾਂ ’ਚ ਮਾਈਨਿੰਗ ਤੇ ਭੂ-ਮਾਫੀਆ ਦਾ ਬਹੁਕਰੋਡ਼ੀ ਨਾਜਾਇਜ਼ ਧੰਦਾ ਚੱਲਦਾ ਹੈ ਅਤੇ ਇਸ ’ਚ ਸਰਕਾਰਾਂ ’ਚ ਸ਼ਾਮਲ ਲੀਡਰ, ਪੁਲੀਸ ਅਧਿਕਾਰੀ ਤੇ ਹੋਰ ਅਫ਼ਸਰ ਵੀ ਸ਼ਾਮਲ ਹੁੰਦੇ ਹਨ। ਇਨ੍ਹਾਂ ਦੇ ਸਿਰ ’ਤੇ ਹੀ ਮਾਫੀਆ ਦੇ ਹੌਂਸਲੇ ਬੁਲੰਦ ਹਨ। ਤਾਜ਼ਾ ਘਟਨਾ ਹਰਿਆਣਾ ਦੀ ਹੈ ਜਿੱਥੇ ਗੁਰੂਗ੍ਰਾਮ ਦੇ ਨੂਹ ’ਚ ਭੂ-ਮਾਫੀਆ ਨੇ ਬੈਖ਼ੌਫ ਹੋ ਕੇ ਡੀ.ਐੱਸ.ਪੀ. ’ਤੇ ਗੱਡੀ ਚਡ਼੍ਹਾ ਦਿੱਤੀ ਜਿਸ ਨਾਲ ਪੁਲੀਸ ਅਧਿਕਾਰੀ ਸੁਰਿੰਦਰ ਬਿਸ਼ਨੋਈ ਦੀ ਮੌਕੇ ’ਤੇ ਹੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਡੀ.ਐੱਸ.ਪੀ. ਸੁਰਿੰਦਰ ਕੁਮਾਰ ਤਾਵਡ਼ੂ ’ਚ ਤਾਇਨਾਤ ਸਨ। ਉਹ ਤਾਵਡ਼ੂ ਦੀ ਪਹਾਡ਼ੀ ’ਚ ਨਾਜਾਇਜ਼ ਮਾਈਨਿੰਗ ਦੀ ਸੂਚਨਾ ’ਤੇ ਛਾਪਾ ਮਾਰਨ ਗਏ ਸਨ। ਕਾਰਵਾਈ ਦੌਰਾਨ ਡੀ.ਐੱਸ.ਪੀ. ਸੁਰਿੰਦਰ ਬਿਸ਼ਨੋਈ ਨੇ ਘਟਨਾ ਵਾਲੀ ਥਾਂ ’ਤੇ ਪੱਥਰਾਂ ਨਾਲ ਭਰੇ ਟਿੱਪਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਡਰਾਈਵਰ ਨੇ ਟਿੱਪਰ ਰੋਕਣ ਦੀ ਬਜਾਏ ਉਨ੍ਹਾਂ ਨੇ ਉਪਰ ਚਡ਼੍ਹਾ ਦਿੱਤਾ ਜਿਸ ਨਾਲ ਉਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਬਾਅਦ ਦੋਸ਼ੀ ਮੌਕੇ ’ਤੇ ਫਰਾਰ ਹੋ ਗਏ। ਪੁਲੀਸ ਦੋਸ਼ੀਆਂ ਦੀ ਭਾਲ ਕਰ ਰਹੀ ਹੈ। ਇਸ ਘਟਨਾ ਤੋਂ ਬਾਅਦ ਪੁਲੀਸ ਮਹਿਕਮੇ ’ਚ ਹਫਡ਼ਾ-ਦਫਡ਼ੀ ਮਚ ਗਈ ਹੈ। ਆਈ.ਜੀ. ਅਤੇ ਨੂਹ ਦੇ ਐੱਸ.ਪੀ. ਮੌਕੇ ’ਤੇ ਪਹੁੰਚ ਗਏ ਅਤੇ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਸਵੇਰੇ 11 ਵਜੇ ਉਨ੍ਹਾਂ ਨੂੰ ਨਾਜਾਇਜ਼ ਮਾਈਨਿੰਗ ਦੀ ਜਾਣਕਾਰੀ ਮਿਲੀ ਸੀ। ਇਸ ਤੋਂ ਬਾਅਦ ਸਾਢੇ 11 ਵਜੇ ਆਪਣੇ ਸਟਾਫ ਨਾਲ ਉਹ ਉਥੇ ਪਹੁੰਚੇ। ਉਨ੍ਹਾਂ ਨੂੰ ਵੇਖ ਕੇ ਉਥੇ ਮੌਜੂਦ ਲੋਕਾਂ ਨੇ ਉਥੋਂ ਭੱਜਣ ਦੀ ਕੋਸ਼ਿਸ਼ ਕੀਤੀ। ਇਸੇ ਦੌਰਾਨ ਡੀ.ਐੱਸ.ਪੀ. ਨੂੰ ਟਿੱਪਰ ਨੇ ਟੱਕਰ ਮਾਰ ਦਿੱਤੀ। ਗ੍ਰਹਿ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਦੋਸ਼ੀਆਂ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ। ਚਾਹੇ ਜਿੰਨੀ ਪੁਲੀਸ ਲਗਾਉਣੀ ਪਵੇ ਕਿਸੇ ਵੀ ਦੋਸ਼ੀ ਨੂੰ ਛੱਡਿਆ ਨਹੀਂ ਜਾਵੇਗਾ।