ਪਹਿਲੇ ਵਿਸ਼ਵ ਯੁੱਧ ‘ਚ ਹਿੱਸਾ ਲੈਣ ਵਾਲੇ ਦੋ ਭਾਰਤੀ ਸਿੱਖ ਫ਼ੌਜੀਆਂ ਦੇ ਐਂਗਲੋ-ਹੰਗਰੀ ਚਿੱਤਰਕਾਰ ਫਿਲਿਪ ਡੀ ਲਾਜ਼ਲੋ ਵੱਲੋਂ ਬਣਾਏ ਚਿੱਤਰ ਦੀ ਬਰਾਮਦ ‘ਤੇ ਬਰਤਾਨਵੀ ਸਰਕਾਰ ਨੇ ਅਸਥਾਈ ਤੌਰ ‘ਤੇ ਪਾਬੰਦੀ ਲਾ ਦਿੱਤੀ ਹੈ ਤਾਂ ਜੋ ਇਸ ਨੂੰ ਦੇਸ਼ ਤੋਂ ਬਾਹਰ ਨਾ ਲਿਜਾਇਆ ਜਾ ਸਕੇ। ਸਰਕਾਰ ਨੇ ਇਹ ਪਾਬੰਦੀ ਦੇਸ਼ ਦੀ ਇਕ ਸੰਸਥਾ ਨੂੰ ਇਸ ਸ਼ਾਨਦਾਰ ਅਤੇ ਸੰਵੇਦਨਸ਼ੀਲ ਪੇਂਟਿੰਗ ਨੂੰ ਖਰੀਦਣ ਲਈ ਸਮਾਂ ਦੇਣ ਲਈ ਲਾਈ ਹੈ। ਕਰੀਬ 6.5 ਕਰੋੜ ਰੁਪਏ ਦੀ ਇਸ ਪੇਂਟਿੰਗ ‘ਚ ਘੋੜਸਵਾਰ ਅਫਸਰ ਰਿਸਾਲਦਾਰ ਜਗਤ ਸਿੰਘ ਅਤੇ ਰਿਸਾਲਦਾਰ ਮਾਨ ਸਿੰਘ, ਬ੍ਰਿਟਿਸ਼-ਭਾਰਤੀ ਫੌਜ ਦੀ ਫੋਰਸ ਦੇ ਜੂਨੀਅਰ ਕਮਾਂਡਰ, ਜਿਨ੍ਹਾਂ ਨੇ ਫਰਾਂਸ ‘ਚ ਸੋਮੇ ਦੀ ਲੜਾਈ ‘ਚ ਸੇਵਾ ਕੀਤੀ ਸੀ, ਨੂੰ ਦਰਸਾਇਆ ਗਿਆ ਹੈ। ਮੰਨਿਆ ਜਾਂਦਾ ਹੈ ਕਿ ਦੋਵਾਂ ਨੇ ਯੁੱਧ ਦੌਰਾਨ ਹੀ ਸ਼ਹੀਦੀ ਪ੍ਰਾਪਤ ਕੀਤੀ ਸੀ। ਇਹ ਤਸਵੀਰ ਕਾਫੀ ਦੁਰਲੱਭ ਹੈ, ਜੋ ਪਹਿਲੇ ਵਿਸ਼ਵ ਯੁੱਧ ‘ਚ ਭਾਰਤੀਆਂ ਦੀ ਸਰਗਰਮ ਹਿੱਸੇਦਾਰੀ ਨੂੰ ਦਰਸਾਉਂਦੀ ਹੈ। ਬਰਤਾਨੀਆ ਦੇ ਕਲਾ ਅਤੇ ਵਿਰਾਸਤ ਮੰਤਰੀ ਲਾਰਡ ਸਟੀਫਨ ਪਾਰਕਿੰਸਨ ਨੇ ਕਿਹਾ, ‘ਇਹ ਸ਼ਾਨਦਾਰ ਅਤੇ ਸੰਵੇਦਨਸ਼ੀਲ ਪੇਂਟਿੰਗ ਸਾਡੇ ਇਤਿਹਾਸ ਦੇ ਮਹੱਤਵਪੂਰਨ ਪਲ ਨੂੰ ਦਰਸਾਉਂਦੀ ਹੈ, ਜਦੋਂ ਪਹਿਲੇ ਵਿਸ਼ਵ ਯੁੱਧ ‘ਚ ਲੜਨ ਵਾਸਤੇ ਮਦਦ ਲਈ ਦੁਨੀਆ ਭਰ ਤੋਂ ਫੌਜਾਂ ਨੂੰ ਲਿਆਂਦਾ ਗਿਆ ਸੀ।’ ਦੱਸਣਯੋਗ ਹੈ ਕਿ ਪਹਿਲੇ ਵਿਸ਼ਵ ਯੁੱਧ ਦੌਰਾਨ 15 ਲੱਖ ਭਾਰਤੀ ਫ਼ੌਜੀ ਤਾਇਨਾਤ ਕੀਤੇ ਗਏ ਸਨ ਅਤੇ ਰਿਕਾਰਡ ਅਨੁਸਾਰ ਤਸਵੀਰ ਵਿਚਲੇ ਦੋ ਸੈਨਿਕ ਫਰਾਂਸ ‘ਚ ਲੜਨ ਲਈ ਭੇਜੇ ਜਾਣ ਤੋਂ ਦੋ ਮਹੀਨੇ ਪਹਿਲਾਂ ਲੰਡਨ ‘ਚ ਫਿਲਿਪ ਡੀ ਲਾਜ਼ਲੋ ਦੇ ਸਾਹਮਣੇ ਬੈਠੇ ਸਨ ਤਾਂ ਜੋ ਉਹ ਉਨ੍ਹਾਂ ਦੇ ਚਿੱਤਰ ਬਣਾ ਸਕੇ। ਮੰਨਿਆ ਜਾਂਦਾ ਹੈ ਕਿ ਡੀ ਲਾਜ਼ਲੋ ਨੇ ਇਹ ਪੇਂਟਿੰਗ ਆਪਣੇ ਸੰਗ੍ਰਹਿ ਲਈ ਬਣਾਈ ਸੀ ਅਤੇ ਇਸ ਨੂੰ 1937 ‘ਚ ਉਸ ਦੀ ਮੌਤ ਤੱਕ ਉਸ ਦੇ ਸਟੂਡੀਓ ‘ਚ ਰੱਖਿਆ ਗਿਆ ਸੀ। ਬਰਤਾਨੀਆ ਸਰਕਾਰ ਨੇ ਇਕ ਕਮੇਟੀ ਦੀ ਸਲਾਹ ‘ਤੇ ਇਸ ਤਸਵੀਰ ਦੀ ਬਰਾਮਦ ਪਾਬੰਦੀ ਲਾਈ ਹੈ।