ਭਾਰਤੀ ਮਹਿਲਾ ਹਾਕੀ ਟੀਮ ਦੀ ਆਸਟਰੇਲੀਆ ਦੌਰੇ ਦੀ ਸ਼ੁਰੂਆਤ ਨਿਰਾਸ਼ਾਜਨਕ ਰਹੀ ਜਦੋਂ ਟੀਮ ਨੂੰ ਮੇਟ ਸਟੇਡੀਅਮ ‘ਚ 3 ਮੈਚਾਂ ਦੀ ਸੀਰੀਜ਼ ਦੇ ਪਹਿਲੇ ਮੈਚ ‘ਚ ਮੇਜਬਾਨ ਟੀਮ ਖ਼ਿਲਾਫ਼ 2-4 ਨਾਲ ਹਾਰ ਸਾਹਮਣਾ ਕਰਨਾ ਪਿਆ। ਪਹਿਲੇ ਕੁਆਰਟਰ ‘ਚ ਦੋਵੇਂ ਹੀ ਟੀਮਾਂ ਗੋਲ ਕਰਨ ‘ਚ ਨਾਕਾਮ ਰਹੀਆਂ ਜਿਸ ਤੋਂ ਬਾਅਦ ਦੁਨੀਆ ਦੀ ਤੀਜੇ ਨੰਬਰ ਦੀ ਟੀਮ ਆਸਟਰੇਲੀਆ ਨੇ ਦੂਜੇ ਕੁਆਰਟਰ ‘ਚ ਡੈਬਿਊ ਕਰ ਰਹੀ ਐਸਲਿੰਗ ਯੂਟਰੀ (21ਵੇਂ ਮਿੰਟ) ਅਤੇ ਮੈਡੀ ਫਿਟਜਪੈਟ੍ਰਿਕ (27ਵੇਂ ਮਿੰਟ) ਦੇ ਗੋਲ ਨਾਲ 2-0 ਦੀ ਬੜ੍ਹਤ ਬਣਾਈ। ਮੇਜਬਾਨ ਟੀਮ ਲਈ ਤੀਜੇ ਕੁਆਰਟਰ ‘ਚ ਐਲਿਸ ਆਰਨੇਟ (32ਵੇਂ ਮਿੰਟ) ਅਤੇ ਕਰਟਨੀ ਸ਼ੋਨੇਲ (35ਵੇਂ ਮਿੰਟ) ਨੇ ਗੋਲ ਕੀਤੇ। ਦੁਨੀਆ ਦੀ 8ਵੇਂ ਨੰਬਰ ਦੀ ਟੀਮ ਇੰਡੀਆ ਵੱਲੋਂ ਸੰਗੀਤਾ ਕੁਮਾਰੀ (29ਵੇਂ ਮਿੰਟ) ਅਤੇ ਸ਼ਰਮੀਲਾ ਦੇਵੀ (40ਵੇਂ ਮਿੰਟ) ਨੇ ਗੋਲ ਦਾਗੇ। ਸੀਰੀਜ਼ ਦਾ ਦੂਜਾ ਮੈਚ ਇਸੇ ਸਥਾਨ ‘ਤੇ ਸ਼ਨੀਵਾਰ ਨੂੰ ਖੇਡਿਆ ਜਾਵੇਗਾ। ਭਾਰਤੀ ਟੀਮ ਦੌਰੇ ਦੌਰਾਨ ਆਸਟਰੇਲੀਆ ‘ਏ’ ਖ਼ਿਲਾਫ਼ ਵੀ ਦੋ ਮੈਚ ਖੇਡੇਗੀ। ਇਸ ਦੌਰੇ ਦੇ ਨਾਲ ਭਾਰਤੀ ਮਹਿਲਾ ਹਾਕੀ ਟੀਮ ਦੀ ਹਾਂਗਝੋਊ ਏਸ਼ੀਅਨ ਖੇਡਾਂ ਦੀ ਤਿਆਰੀ ਸ਼ੁਰੂ ਹੋਵੇਗੀ।